ਖਾਲਿਸਤਾਨੀ ਰਾਇਸ਼ੁਮਾਰੀ ਨੂੰ ਲੈ ਕੇ ਇੰਡੀਆ ਦੀ ਨਰਿੰਦਰ ਮੋਦੀ ਸਰਕਾਰ ਨੇ ਕੈਨੇਡਾ ਦੀ ਜਸਟਿਨ ਟਰੂਡੋ ਨੂੰ ਪੱਤਰ ਲਿਖ ਕੇ ਆਪਣਾ ਇਤਰਾਜ਼ ਜਤਾਇਆ ਹੈ। ਇਸ ‘ਚ ਕੈਨੇਡਾ ਅੰਦਰ 6 ਨਵੰਬਰ ਨੂੰ ਹੋਣ ਵਾਲੀ ਇਸ ਰਾਇਸ਼ੁਮਾਰੀ ਨੂੰ ਰੋਕਣ ਲਈ ਕਿਹਾ ਗਿਆ ਹੈ। ਇੰਡੀਆ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਕਿਹਾ ਹੈ ਕਿ ਇਹ ਰਾਇਸ਼ੁਮਾਰੀ ਇੰਡੀਆ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਚੁਣੌਤੀ ਦਿੰਦੀ ਹੈ। ਇੰਡੀਆ ਵੱਲੋਂ ਸਿੱਖ ਕੱਟੜਪੰਥੀ ਗੁਰਪਤਵੰਤ ਸਿੰਘ ਪਨੂੰਵੱਲੋਂ ਚਲਾਏ ਜਾ ਰਹੇ ਸਿੱਖਜ਼ ਫਾਰ ਜਸਟਿਸ ਦਾ ਮੁੱਦਾ ਕੈਨੇਡੀਅਨ ਸਰਕਾਰ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਕੋਲ ਉਠਾਉਣ ਦੇ ਬਾਵਜੂਦ ਟਰੂਡੋ ਸਰਕਾਰ ਨੇ ਇਕ ਮਿਆਰੀ ਲਾਈਨ ਤਿਆਰ ਕੀਤੀ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਵਿਅਕਤੀਆਂ ਨੂੰ ਕਾਨੂੰਨ ਦੀ ਉਲੰਘਣਾ ਕੀਤੇ ਬਿਨਾਂ ਇਕੱਠੇ ਹੋਣ ਅਤੇ ਸ਼ਾਂਤੀਪੂਰਵਕ ਰਹਿਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੇ ਆਪਣੇ ਕੈਨੇਡੀਅਨ ਹਮਰੁਤਬਾ ਨੂੰ ਦੱਸ ਦਿੱਤਾ ਹੈ ਕਿ ਉਹ ਪਨੂੰ ਵਰਗੇ ਸਿੱਖ ਕੱਟੜਪੰਥੀਆਂ ਨੂੰ ਖਾਲਿਸਤਾਨ ਦੇ ਨਾਂ ‘ਤੇ ਸਿੱਖ ਨੌਜਵਾਨਾਂ ਅਤੇ ਭਾਈਚਾਰੇ ਨੂੰ ਕੱਟੜਪੰਥੀ ਬਣਾਉਣ ਤੋਂ ਨਾ ਰੋਕ ਕੇ ਅੱਗ ਨਾਲ ਖੇਡ ਰਹੇ ਹਨ। ਤੱਥ ਇਹ ਹੈ ਕਿ ਸੀਨੀਅਰ ਭਾਰਤੀ ਅਧਿਕਾਰੀਆਂ ਨੇ ਆਪਣੇ ਕੈਨੇਡੀਅਨ ਹਮਰੁਤਬਾ ਨੂੰ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜੇ ਟਰੂਡੋ ਸਰਕਾਰ ਨੇ ਕੱਟੜਪੰਥੀਆਂ ਨੂੰ ਨੌਜਵਾਨਾਂ ਦਾ ਬਰੇਨਵਾਸ਼ ਕਰਨ ਅਤੇ ਗੁਰਦੁਆਰਿਆਂ ‘ਤੇ ਕਬਜ਼ਾ ਕਰਨ ਤੋਂ ਨਾ ਰੋਕਿਆ ਤਾਂ ਕੈਨੇਡਾ ‘ਚ ਗਰਮਖਿਆਲੀ ਖਾਲਿਸਤਾਨ ਬਣਾ ਸਕਦੇ ਹਨ।