ਪਿਛਲੇ ਦਿਨੀਂ ਅਟਾਰੀ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਗਈ ਪੁਣੇ ਦੀ ਰਹਿਣ ਵਾਲੀ ਰੀਨਾ ਵਰਮਾ ਛਿੱਬਰ ਦਾ ਰਾਵਲਪਿੰਡੀ ਵਿਚਲਾ ਆਪਣਾ ਘਰ 75 ਸਾਲ ਬਾਅਦ ਦੇਖਣ ਦਾ ਤਜ਼ਬਰਾ ‘ਖੱਟਾ ਮਿੱਠਾ’ ਰਿਹਾ। ਵੰਡ ਦੌਰਾਨ ਉਹ ਅਤੇ ਉਨ੍ਹਾਂ ਦਾ ਪਰਿਵਾਰ ਰਾਵਲਪਿੰਡੀ ਛੱਡ ਕੇ ਇੰਡੀਆ ਆ ਗਿਆ ਸੀ ਤੇ ਉਸ ਸਮੇਂ ਉਹ 15 ਸਾਲਾਂ ਦੀ ਸੀ। ਰੀਨਾ ਜਦੋਂ ਰਾਵਲਪਿੰਡੀ ਆਪਣੇ ‘ਪ੍ਰੇਮ ਨਿਵਾਸ’ ਪਹੁੰਚੀ ਤਾਂ ਗੁਆਂਢੀਆਂ ਨੇ ਉਸ ਦਾ ਸਵਾਗਤ ਕੀਤਾ। ਵਰਮਾ ਨੇ ਕਿਹਾ ਕਿ ਰਾਵਲਪਿੰਡੀ ਦੀ ਆਪਣੀ ਯਾਤਰਾ ਬਾਰੇ ਉਸ ਦੀਆਂ ਭਾਵਨਾਵਾਂ ਰਲੀਆਂ ਮਿਲੀਆਂ ਹਨ ਤੇ ਇਹ ਇਕ ਸੁਫਨਾ ਸੱਚ ਹੋਣ ਵਾਂਗ ਹੈ। ਰੀਨਾ ਵਰਮਾ ਨੇ ਕਿਹਾ, ‘ਮੇਰਾ ਮਨ ਦੁਖੀ ਹੈ ਪਰ ਮੈਂ ਉਸ ਪਲ ਦਾ ਅਹਿਸਾਸ ਕਰਨ ਲਈ ਸ਼ੁਕਰਗੁਜ਼ਾਰ ਹਾਂ ਜਿਸ ਨੂੰ ਮੈਂ ਪੂਰੀ ਜ਼ਿੰਦਗੀ ਉਡੀਕਦੀ ਰਹੀ। ਇਹ ਖੱਟਾ-ਮਿੱਠਾ ਅਹਿਸਾਸ ਸੀ।’ ਉਸ ਨੇ ਕਿਹਾ, ‘ਮੈਂ ਇਹ ਪਲ ਆਪਣੇ ਪਰਿਵਾਰ ਨਾਲ ਸਾਂਝਾ ਕਰਨਾ ਚਾਹੁੰਦੀ ਸੀ ਪਰ ਉਹ ਸਾਰੇ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਮੈਂ ਇੱਥੇ ਆ ਕੇ ਖੁਸ਼ ਹਾਂ ਪਰ ਅੱਜ ਮੈਂ ਇਕਲਾਪਾ ਮਹਿਸੂਸ ਕਰ ਰਹੀ ਹਾਂ।’ ਰੀਨਾ ਵਰਮਾ ਨੇ ਦੱਸਿਆ ਕਿ ਉਹ ਉਸ ਦੇ ਚਾਰ ਭਰਾ-ਭੈਣਾਂ ਸ਼ਹਿਰ ਦੇ ਮਾਡਰਨ ਸਕੂਲ ’ਚ ਪਡ਼੍ਹਦੇ ਸਨ। ਉਸ ਨੇ ਕਿਹਾ ਕਿ ਉਨ੍ਹਾਂ ਦੇ ਅੱਠ ਮੈਂਬਰਾਂ ਵਾਲੇ ਪਰਿਵਾਰ ’ਚ ਹੁਣ ਕੋਈ ਵੀ ਜਿਊਂਦਾ ਨਹੀਂ ਹੈ, ਜਿਸ ਨਾਲ ਉਹ ਆਪਣੀ ਖੁਸ਼ੀ ਸਾਂਝੀ ਕਰ ਸਕੇ। ਵਰਮਾ ਨੇ 1965 ’ਚ ਵੀ ਪਾਕਿਸਤਾਨ ਦੇ ਵੀਜ਼ਾ ਲਈ ਅਪਲਾਈ ਕੀਤਾ ਸੀ ਪਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਵੀਜ਼ਾ ਨਹੀਂ ਸੀ ਮਿਲਿਆ। ਨੱਬੇ ਸਾਲਾ ਰੀਨਾ ਨੇ ਪਿਛਲੇ ਸਾਲ ਸੋਸ਼ਲ ਮੀਡੀਆ ’ਤੇ ਆਪਣੇ ਜੱਦੀ ਘਰ ਜਾਣ ਦੀ ਇੱਛਾ ਪ੍ਰਗਟਾਈ ਸੀ। ਪਾਕਿਸਤਾਨੀ ਨਾਗਰਿਕ ਸੱਜਾਦ ਹੈਦਰ ਨੇ ਸੋਸ਼ਲ ਮੀਡੀਆ ’ਤੇ ਉਸ ਨਾਲ ਸੰਪਰਕ ਕੀਤਾ ਅਤੇ ਰਾਵਲਪਿੰਡੀ ਸਥਿਤ ਉਨ੍ਹਾਂ ਦੇ ਘਰ ਦੀਆਂ ਤਸਵੀਰਾਂ ਉਸ ਨੂੰ ਭੇਜੀਆਂ ਸਨ। ਪਾਕਿਸਤਾਨ ਆਉਣ ਦੀ ਇੱਛਾ ਪ੍ਰਗਟਾਉਂਦਿਆਂ ਰੀਨਾ ਵਰਮਾ ਨੇ ਇਕ ਸੋਸ਼ਲ ਮੀਡੀਆ ਪਾਕਿਸਤਾਨ ਦੇ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੂੰ ਟੈਗ ਕੀਤੀ ਸੀ। ਇਸ ਤੋਂ ਬਾਅਦ ਮੰੰਤਰੀ ਖਾਰ ਨੇ ਉਸ ਨੂੰ ਰਾਵਲਪਿੰਡੀ ਆਉਣ ਲਈ ਵੀਜ਼ੇ ਦੀ ਸਹੂਲਤ ਮੁਹੱਈਆ ਕਰਵਾਈ। ਮੀਡੀਆ ਵਿੱਚ ‘ਪਿੰਡੀ ਗਰਲ’ ਵਜੋਂ ਚਰਚਿਤ ਹੋਈ ਰੀਨਾ ਵਰਮਾ ਨੇ ਕਿਹਾ, ‘ਮੈਂ ਇੰਡੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹਡ਼ੇ ਲੋਕ ਪਾਕਿਸਤਾਨ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਹੈ।’