ਨਿਊਯਾਰਕ ਰਾਜ ‘ਚ ਭਾਰਤੀ ਲੋਕਾਂ, ਖਾਸਕਰ ਸਿੱਖਾਂ ‘ਤੇ ਹਮਲੇ ਦੀਆਂ ਘਟਨਾਵਾਂ ਜਾਰੀ ਹਨ। ਤਾਜ਼ਾ ਮਾਮਲਾ ਰਿਚਮੰਡ ਹਿੱਲ ਦੀ 112 ਸਟ੍ਰੀਟ ‘ਤੇ ਵਾਪਰਿਆ ਜਿਸ ‘ਚ ਦੋ ਲੁਟੇਰਿਆਂ ਨੇ 82 ਸਾਲਾ ਸਿੱਖ ਸਾਹਿਤਕਾਰ ਉਂਕਾਰ ਸਿੰਘ ਡੁਮੇਲੀ ‘ਚ ਹਮਲਾ ਕਰ ਦਿੱਤਾ। ਅਣਪਛਾਤੇ ਲੁਟੇਰਿਆਂ ਨੇ ਬਜ਼ੁਰਗ ਉਂਕਾਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਉਂਕਾਰ ਸਿੰਘ ਰਿਚਮੰਡ ਹਿੱਲ ‘ਚ ਨਵੇਂ ਨਹੀਂ ਆਏ ਸਗੋਂ ਉਹ ਪਿਛਲੇ ਤਿੰਨ ਦਹਾਕੇ ਤੋਂ ਉਥੇ ਰਹਿ ਰਹੇ ਹਨ। ਵੇਰਵਿਆਂ ਅਨੁਸਾਰ ਉਹ ਬੀਤੇ ਦਿਨ ਰਾਤ ਸਾਢੇ ਨੌ ਵਜੇ ਸੈਰ ਲਈ ਘਰੋਂ ਨਿਕਲੇ ਸਨ ਜਦੋਂ ਦੋ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ। ਸਾਹਿਤਕਾਰ ਉਂਕਾਰ ਸਿੰਘ ਪੰਜਾਬ ਦੇ ਫਗਵਾੜਾ ਨੇੜਲੇ ਪਿੰਡ ਡੁਮੇਲੀ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਸ਼ੂਗਰ ਦਾ ਮਰੀਜ਼ ਹੋਣ ਕਾਰਨ ਉਹ ਖਾਣਾ ਖਾ ਕੇ ਰੋਜ਼ਾਨਾ ਸੈਰ ਲਈ ਜਾਂਦੇ ਹਨ। ਇਸੇ ਰੂਟੀਨ ‘ਚ ਉਹ ਘਰੋਂ ਨਿਕਲੇ ਸਨ ਜਦੋਂ ਪਿੱਛੋਂ ਦੋ ਅਣਪਛਾਤੇ ਨੌਜਵਾਨ ਮੂੰਹ ਢੱਕ ਕੇ ਆਏ ਅਤੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਕੁੱਟਮਾਰ ‘ਚ ਉਂਕਾਰ ਸਿੰਘ ਜ਼ਮੀਨ ‘ਤੇ ਡਿੱਗ ਪਏ ਤੇ ਲੁਟੇਰੇ ਉਨ੍ਹਾਂ ਦੀ ਜੇਬ ਵਿੱਚੋਂ ਫੋਨ ਕੱਢ ਕੇ ਫਰਾਰ ਹੋ ਗਏ। ਉਂਕਾਰ ਸਿੰਘ ਨੂੰ ਹਸਪਤਾਲ ‘ਚ ਮੁੱਢਲੀ ਸਹਾਇਤਾ ਦੇਣ ਮਗਰੋਂ ਘਰ ਭੇਜ ਦਿੱਤਾ ਗਿਆ। ਪੀੜ੍ਹਤ ਉਂਕਾਰ ਸਿੰਘ ਅਨੁਸਾਰ ਇਹ ਕੋਈ ਮੇਰੇ ‘ਤੇ ਨਸਲੀ ਹਮਲਾ ਨਹੀਂ ਸੀ। ਇਹ ਬਿਨਾਂ ਕੰਮਕਾਰ ਤੋਂ ਵਿਹਲੇ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ ਸਨ। ਫਿਲਹਾਲ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਪੁਲੀਸ ਵੱਲੋਂ ਜਾਂਚ ਜਾਰੀ ਹੈ।