ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਸਮੇਂ ਸਰਕਾਰੀ ਦਫ਼ਤਰ ‘ਤੇ ਹਮਲਾ ਕਰਨ ਅਤੇ ਗੱਡੀਆਂ ਫੂਕਣ ਦੇ ਕੇਸ ਦਾ ਸਾਹਮਣਾ ਕਰ ਰਹੇ 25 ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਮਾਨਸਾ ਪੁਲੀਸ ਵੱਲੋਂ ਸਾਲ 2017 ‘ਚ ਇਨਕਮ ਟੈਕਸ ਦਫ਼ਤਰ ‘ਤੇ ਹਮਲਾ ਕਰਨ ਅਤੇ ਗੱਡੀਆਂ ਫੂਕਣ ਦੇ ਮਾਮਲੇ ‘ਚ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਅਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਇਨ੍ਹਾਂ 25 ਡੇਰਾ ਪ੍ਰੇਮੀਆਂ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਾਲ-2017 ‘ਚ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਅਣਪਛਾਤੇ ਡੇਰਾ ਪ੍ਰੇਮੀਆਂ ਖ਼ਿਲਾਫ਼ ਮੁਕੱਦਮਾ ਨੰਬਰ 62 ਮਿਤੀ 25 ਅਗਸਤ 2017 ਅਧੀਨ ਧਾਰਾ 307/436/427/188/120 ਬੀ /148/149 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਕੇਸ ‘ਚ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਸੱਤਪਾਲ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਰਾਜਿੰਦਰ ਸਿੰਘ, ਉਜਾਗਰ ਸਿੰਘ, ਹਰਪ੍ਰੀਤ ਸਿੰਘ, ਸੀਤਲ ਸਿੰਘ, ਹਰੀ ਸਿੰਘ, ਸੁਖਦੇਵ ਸਿੰਘ, ਗੌਰਵ ਸਿੰਗਲਾ, ਮੇਜਰ ਸਿੰਘ, ਪੁਸ਼ਪਿੰਦਰ ਸਿੰਘ, ਸੇਖਰ ਗੋਇਲ, ਸੂਰਜਭਾਨ, ਵਰਿੰਦਰ ਸਿੰਘ, ਵਿੱਕੀ ਕੁਮਾਰ, ਕੁਲਦੀਪ ਸਿੰਘ, ਤਰਸੇਮ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਕਿਰਨਜੀਤ ਸਿੰਘ, ਅਮਨਦੀਪ ਸਿੰਘ, ਰਕੇਸ਼ ਕੁਮਾਰ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਸੀ। ਪੁਲੀਸ ਵੱਲੋਂ ਦਰਜ ਮੁਕੱਦਮੇ ਵਿਚ ਉਕਤ ਡੇਰਾ ਪ੍ਰੇਮੀਆਂ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਣਾਈ ਸਜ਼ਾ ਦੇ ਰੋਸ ਵਜੋਂ ਸਥਾਨਕ ਇਨਕਮ ਟੈਕਸ ਦਫ਼ਤਰ ‘ਤੇ ਹਮਲਾ ਕਰਕੇ ਉਥੇ ਪਏ ਸਾਮਾਨ ਦੀ ਭੰਨ੍ਹ-ਤੋੜ ਕੀਤੀ ਅਤੇ ਦਫ਼ਤਰ ‘ਚ ਖੜ੍ਹੀਆਂ ਗੱਡੀਆਂ ਸਾੜੀਆਂ ਸਨ। ਅਦਾਲਤ ‘ਚ ਚਲਾਨ ਪੇਸ਼ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਦੇ ਕੇਸ ਦੀ ਵਕੀਲਾਂ ਐਡਵੋਕੇਟ ਬਲਵੀਰ ਕੌਰ, ਬਿਮਲਜੀਤ ਸਿੰਘ ਅਤੇ ਪ੍ਰਿਥਪਾਲ ਸਿੰਘ ਨੇ ਪੈਰਵੀ ਕੀਤੀ। ਅਦਾਲਤ ਵੱਲੋਂ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਡੇਰਾ ਪ੍ਰੇਮੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।