ਲੰਘ ਰਿਹਾ ਸਾਲ 2022 ਭਾਰਤੀ ਹਾਕੀ ਲਈ ਚੰਗਾ ਰਿਹਾ। ਇਸ ਦੌਰਾਨ ਮਹਿਲਾ ਟੀਮ ਨੇ 16 ਸਾਲਾਂ ਬਾਅਦ ਕਾਮਨਵੈਲਥ ਗੇਮਜ਼ ‘ਚ ਕਾਂਸੇ ਦਾ ਤਗ਼ਮਾ ਜਿੱਤ ਕੇ ਪੁਰਸ਼ ਟੀਮ ਨਾਲੋਂ ਥੋੜ੍ਹਾ ਬਿਹਤਰ ਪ੍ਰਦਰਸ਼ਨ ਕੀਤਾ। ਬਰਮਿੰਘਮ ਕਾਮਨਵੈਲਥ ਗੇਮਜ਼ ‘ਚ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਤਗ਼ਮੇ ਜਿੱਤੇ। ਭਾਰਤੀ ਪੁਰਸ਼ ਟੀਮ ਨੇ ਜਿੱਥੇ ਚਾਂਦੀ ਦਾ ਤਗ਼ਮਾ ਜਿੱਤਿਆ, ਉਥੇ ਹੀ ਮਹਿਲਾ ਟੀਮ 16 ਸਾਲ ਬਾਅਦ ਪੋਡੀਅਮ ‘ਤੇ ਪਹੁੰਚਣ ‘ਚ ਕਾਮਯਾਬ ਰਹੀ। ਸਾਲ ਦੇ ਅੰਤ ‘ਚ ਮਹਿਲਾ ਟੀਮ ਨੇ ਵੈਲੇਂਸੀਆ ‘ਚ ਐੱਫ.ਆਈ.ਐੱਚ. ਨੇਸ਼ਨਜ਼ ਕੱਪ ਜਿੱਤ ਕੇ ਸਾਬਤ ਕਰ ਦਿੱਤਾ ਕਿ ਕਾਮਨਵੈਲਥ ਗੇਮਜ਼ ਦਾ ਤਗ਼ਮਾ ਮਹਿਜ਼ ਇਤਫਾਕ ਨਹੀਂ ਸੀ। ਮਹਿਲਾ ਟੀਮ ਨੇਸ਼ਨਜ਼ ਕੱਪ ‘ਚ ਕੋਈ ਮੈਚ ਨਹੀਂ ਹਾਰੀ ਅਤੇ ਖਿਤਾਬ ਜਿੱਤ ਕੇ ਪ੍ਰੋ ਲੀਗ ‘ਚ ਵੀ ਥਾਂ ਬਣਾਈ। ਇਸ ਤੋਂ ਪਹਿਲਾਂ ਮਹਿਲਾ ਟੀਮ ਏਸ਼ੀਆ ਕੱਪ ‘ਚ ਤੀਜੇ ਸਥਾਨ ‘ਤੇ ਰਹੀ। ਹਾਲਾਂਕਿ ਵਰਲਡ ਕੱਪ ‘ਚ ਮਹਿਲਾ ਟੀਮ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ। ਇਸ ‘ਚ ਉਹ ਨੌਵੇਂ ਸਥਾਨ ‘ਤੇ ਰਹੀ ਸੀ। ਉਧਰ ਪੁਰਸ਼ ਟੀਮ ਨੇ ਏਸ਼ੀਆ ਕੱਪ ‘ਚ ਤੀਜੇ ਸਥਾਨ ‘ਤੇ ਰਹਿ ਕੇ ਸਾਲ ਦੀ ਸ਼ੁਰੂਆਤ ਕੀਤੀ। ਫਿਰ ਉਸ ਨੇ ਲੁਸਾਨੇ ‘ਚ ਪਹਿਲਾ ‘ਫਾਈਵ ਏ ਸਾਈਡ’ ਟੂਰਨਾਮੈਂਟ ਜਿੱਤਿਆ। ਇਸ ਦੌਰਾਨ ਇੰਡੀਆ ਦੀ ਅੰਡਰ-21 ਟੀਮ ਨੇ ਸੁਲਤਾਨ ਜੌਹਰ ਕੱਪ ‘ਚ ਆਸਟਰੇਲੀਆ ਨੂੰ ਹਰਾ ਕੇ ਖਿਤਾਬ ਜਿੱਤਿਆ। ਭਾਰਤੀ ਟੀਮ ਨੇ ਪ੍ਰੋ ਲੀਗ ‘ਚ ਤਿੰਨ ਮੈਚ ਖੇਡੇ ਜਿਨ੍ਹਾਂ ‘ਚੋਂ ਦੋ ਮੈਚਾਂ ‘ਚ ਉਸ ਨੇ ਨਿਊਜ਼ੀਲੈਂਡ ਨੂੰ ਹਰਾਇਆ ਪਰ ਸਪੇਨ ਤੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ ਦੇ ਅੰਤ ‘ਚ ਭਾਰਤੀ ਟੀਮ ਨੇ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਖੇਡੀ ਜਿਸ ‘ਚ ਆਸਟਰੇਲੀਆ ਨੇ ਇੰਡੀਆ ਨੂੰ 4-1 ਨਾਲ ਮਾਤ ਦਿੱਤੀ।