ਬਰਫ਼ੀਲੇ ਤੂਫ਼ਾਨ ਤੋਂ ਬਾਅਦ ਅਮਰੀਕਾ ‘ਚ ਸਥਿਤੀ ਹਾਲੇ ਹੀ ਗੰਭੀਰ ਹੈ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦਾ ਅਨੁਮਾਨ ਸਹੀ ਸਾਬਤ ਹੋਇਆ ਤਾਂ ਆਉਣ ਵਾਲੇ ਦਿਨਾਂ ‘ਚ ਅਮਰੀਕਾ ਦੇ ਇਕ ਵੱਡੇ ਇਲਾਕੇ ‘ਚ ਰਹਿ ਰਹੇ ਲੱਖਾਂ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਲੋਕ ਘਰਾਂ ਤੇ ਗੱਡੀਆਂ ‘ਤੇ ਜੰਮੀ ਕਈ ਇੰਚ ਮੋਟੀ ਬਰਫ਼ ਦੀ ਚਾਦਰ ਨੂੰ ਹਟਾ ਰਹੇ ਹਨ। ਪ੍ਰਸ਼ਾਸਨ ਵੀ ਸੜਕਾਂ ਤੇ ਉਨ੍ਹਾਂ ਦੇ ਕਿਨਾਰੇ ਖੜ੍ਹੀਆਂ ਕਾਰਾਂ ਤੋਂ ਬਰਫ਼ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਝ ਥਾਵਾਂ ‘ਤੇ ਬਰਫ਼ ਨਾਲ ਢੱਕੀਆਂ ਕਾਰਾਂ ਦੇ ਅੰਦਰ ਤੋਂ ਲਾਸ਼ਾਂ ਬਰਾਮਦ ਹੋਈਆਂ ਹਨ। ਬਰਫ਼ੀਲੇ ਤੂਫ਼ਾਨ ਦੇ ਕਾਰਨ ਹੁਣ ਤਕ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ, ਬਫੈਲੋ, ਲੇਕ ਏਰੀ ਤੇ ਲੇਕ ਓਂਟਾਰੀਓ ਆਰਕਟਿਕ ਤੂਫ਼ਾਨ ਦੇ ਕੇਂਦਰ ਬਣੇ ਹੋਏ ਹਨ। ਨਿਊਯਾਰਕ ਦੇ ਏਰੀ ਤੇ ਨਿਆਗਰਾ ‘ਚ ਮ੍ਰਿਤਕਾਂ ਦੀ ਵੱਧ ਹੈ। ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕ ਗੱਡੀਆਂ ਦਾ ਪਤਾ ਲਗਾਉਣ ‘ਤੇ ਉਨ੍ਹਾਂ ‘ਤੇ ਜੰਮੀ ਬਰਫ਼ ਹਟਾਉਣ ਦੇ ਕੰਮ ‘ਚ ਲਗਾਤਾਰ ਲੱਗੇ ਹੋਏ ਹਨ। ਹਾਈਵੇ, ਏਅਰਪੋਰਟ ਤੇ ਹੋਰ ਜਨਤਕ ਥਾਵਾਂ ‘ਤੰ ਜੰਮੀ ਬਰਫ਼ ਦੀ ਮੋਟੀ ਪਰਤ ਨੂੰ ਹਟਾਉਣ ਲਈ ਵੱਡੀਆਂ ਵੱਡੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਬਿਜਲੀ ਦੇਣ ਵਾਲੀ ਕੰਪਨੀ ਦੇ ਸੈਂਕੜੇ ਲਾਈਨਮੈਨ ਸਪਲਾਈ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਬਾਵਜੂਦ ਹਜ਼ਾਰਾਂ ਖਪਤਕਾਰਾਂ ਨੂੰ ਮੰਗਲਵਾਰ ਨੂੰ ਹਨੇਰੇ ‘ਚ ਰਹਿਣਾ ਪਿਆ। ਏਰਿਕ ਕਾਊਂਟੀ ਦੇ ਐਗਜ਼ੀਕਿਊਟਿਵ ਮਾਰਕ ਪੋਲੋਂਕਾਰਜ ਨੇ ਪੱਤਰਕਾਰਾਂ ਨੂੰ ਦੱਸਿਆ, ‘ਜੰਮੀਆਂ ਹੋਈਆਂ ਕਾਰਾਂ ਦੇ ਅੰਦਰ ਤੋਂ ਕੁਝ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬਾਹਰੀ ਇਲਾਕਿਆਂ ‘ਚ ਵੀ ਕੁਝ ਲਾਸ਼ਾਂ ਬਰਾਮਦ ਹੋਈਆਂ ਹਨ। ਕੁਝ ਦੀ ਮੌਤ ਕਾਰਡੀਅਕ ਅਰੈਸਟ ਅਤੇ ਸਮੇਂ ‘ਤੇ ਇਲਾਜ ਨਾ ਹੋਣ ਕਾਰਨ ਹੋਈ ਹੈ। ਅਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਭਿਆਨਕ ਬਰਫ਼ੀਲੇ ਤੂਫ਼ਾਨ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ।’ ਬਫੈਲੋ ਤੇ ਉਸ ਦੇ ਆਸਪਾਸ ਦੇ ਇਲਾਕਿਆਂ ‘ਚ ਪਿਛਲੇ ਚਾਰ ਦਿਨਾਂ ‘ਚ 52 ਇੰਚ ਬਰਫ਼ਬਾਰੀ ਹੋਈ ਹੈ। ਰਾਸ਼ਟਰੀ ਮੌਸਮ ਸੇਵਾ ਦਾ ਅਨੁਮਾਨ ਹੈ ਕਿ ਇਸ ਹਫ਼ਤੇ ਦੇ ਅੰਤ ਤਕ ਤਾਪਮਾਨ ਵਧੇਗਾ ਜਿਸ ਤੋਂ ਬਾਅਦ ਬਾਰਿਸ਼ ਵੀ ਹੋਵੇਗੀ। ਪੋਲੋਂਕਾਰਜ ਨੇ ਟਵੀਟ ਕੀਤਾ, ‘ਜੇਕਰ ਉਦੋਂ ਤਕ ਪਾਣੀ ਦੀ ਨਿਕਾਸੀ ਵਿਵਸਥਾ ‘ਚ ਜੰਮੀ ਬਰਫ਼ ਸਾਫ਼ ਨਹੀਂ ਕੀਤੀ ਗਈ ਤਾਂ ਹੜ੍ਹ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ।’