ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਫੌਜੀ ਹਵਾਈ ਅੱਡੇ ਦੇ ਬਾਹਰ ਇਕ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਗੱਲ ਦੀ ਪੁਸ਼ਟੀ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫ਼ੀ ਟਾਕੋਰ ਨੇ ਕੀਤੀ ਹੈ। ਐਤਵਾਰ ਨੂੰ ਕਾਬੁਲ ‘ਚ ਫੌਜੀ ਹਵਾਈ ਅੱਡੇ ਦੇ ਬਾਹਰ ਇਕ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਜਾਨਲੇਵਾ ਧਮਾਕੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਬੁਲਾਰੇ ਅਬਦੁਲ ਨਫ਼ੀ ਟਾਕੋਰ ਨੇ ਦੱਸਿਆ ਕਿ ਅੱਜ ਸਵੇਰੇ ਕਾਬੁਲ ਦੇ ਫੌਜੀ ਹਵਾਈ ਅੱਡੇ ਦੇ ਬਾਹਰ ਇਕ ਧਮਾਕਾ ਹੋਇਆ ਜਿਸ ‘ਚ ਸਾਡੇ ਕਈ ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 12 ਦਸੰਬਰ ਕਾਬੁਲ ਦੇ ਸ਼ਾਹ-ਏ-ਨਵਾ ਇਲਾਕੇ ਦੇ ਹੋਟਲ ਨੂੰ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਸੀ। ਇਸ ਹੋਟਲ ਨੂੰ ਚਾਈਨੀਜ਼ ਹੋਟਲ ਕਿਹਾ ਜਾਂਦਾ ਹੈ ਕਿਉਂਕਿ ਇਥੇ ਚੀਨ ਦੇ ਸੀਨੀਅਰ ਅਧਿਕਾਰੀ ਇਥੇ ਆਉਂਦੇ ਰਹਿੰਦੇ ਹਨ। ਇਸ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਅਤੇ 18 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸੀ। ਜਾਣਕਾਰੀ ਮੁਤਾਬਕ ਹਮਲਾਵਰ ਹੋਟਲ ਅੰਦਰ ਗੋਲੀਆਂ ਚਲਾਉਂਦੇ ਦਾਖ਼ਲ ਹੋਏ। ਇਕ ਨਿਊਜ਼ ਰਿਪੋਰਟ ਮੁਤਾਬਕ ਦੱਸਿਆ ਗਿਆ ਕਿ ਕਾਬੁਲ ਦੇ ਉਸ ਹੋਟਲ ‘ਚ ਚੀਨੀ ਕਾਰੋਬਾਰੀ ਅਤੇ ਅਧਿਕਾਰੀ ਅਕਸਰ ਆਉਂਦੇ ਰਹਿੰਦੇ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹਮਲਾਵਰ ਹੋਟਲ ਦੇ ਅੰਦਰ ਲੋਕਾਂ ਨੂੰ ਬੰਦੀ ਬਣਾਉਣਾ ਚਾਹੁੰਦੇ ਸਨ। ਹੁਣ ਤਾਜ਼ਾ ਧਮਾਕੇ ਨੇ ਇਕ ਵਾਰ ਫਿਰ ਲੋਕਾਂ ‘ਚ ਸਹਿਮ ਪੈਦਾ ਕਰ ਦਿੱਤਾ ਹੈ।