ਨਾਰਵੇ ਦਾ ਗ੍ਰੈਂਡਮਾਸਟਰ ਮੈਗਨਸ ਕਾਰਲਸਨ ਇਕ ਵਾਰ ਮੁੜ ਸ਼ਤਰੰਜ ਦੇ ਹਰ ਫਾਰਮੈਟ ‘ਚ ਕਲਾਸੀਕਲ, ਰੈਪਿਡ ਅਤੇ ਬਲਿਟਜ਼ ਦਾ ਵਿਸ਼ਵ ਚੈਂਪੀਅਨ ਬਣ ਗਿਆ ਹੈ। ਕਾਰਲਸਨ ਨੇ 2014 ਤੋਂ ਬਾਅਦ ਇਸ ਕਾਰਨਾਮੇ ਨੂੰ ਦੁਹਰਾ ਕੇ ਛੇਵੀਂ ਵਾਰ ਵਿਸ਼ਵ ਬਲਿਟਜ਼ ਸ਼ਤਰੰਜ ਦਾ ਤਾਜ ਜਿੱਤ ਕੇ ਨਵਾਂ ਇਤਿਹਾਸ ਰਚਿਆ। ਸ਼ਤਰੰਜ ਦੇ ਸਭ ਤੋਂ ਤੇਜ਼ ਫਾਰਮੈਟ ‘ਚ ਕਾਰਲਸਨ ਕਈ ਨੌਜਵਾਨ ਪ੍ਰਤਿਭਾਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ 21 ਰਾਊਂਡਾਂ ‘ਚ 16 ਅੰਕ ਹਾਸਲ ਕਰਕੇ ਵਰਲਡ ਚੈਂਪੀਅਨ ਬਣਨ ‘ਚ ਕਾਮਯਾਬ ਰਿਹਾ। ਕਾਰਲਸਨ ਨੇ ਇਸ ਤੋਂ ਪਹਿਲਾਂ ਮਾਸਕੋ 2009, ਡੁਬਈ 2014, ਰਿਆਦ 2017, ਸੇਂਟਸ ਪਿਟਸਬਰਗ 2018, ਮਾਸਕੋ 2019 ‘ਚ ਵਰਲਡ ਬਲਿਟਜ਼ ਖ਼ਿਤਾਬ ਜਿੱਤੇ ਸਨ। 15 ਅੰਕ ਬਣਾ ਕੇ ਬਿਹਤਰ ਟਾਈਬ੍ਰੇਕ ਦੇ ਆਧਾਰ ‘ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਜਦੋਂ ਕਿ ਅਰਮੇਨੀਆ ਦੇ ਮਰਤਿਰੋਸਯਾਨ ਹੈਕ ਨੇ ਕਾਂਸੀ ਤਮਗਾ ਆਪਣੇ ਨਾਂ ਕੀਤਾ। ਭਾਰਤੀ ਖਿਡਾਰੀਆਂ ‘ਚੋਂ ਹਰੀਕ੍ਰਿਸ਼ਨ ਪੇਂਟਾਲਾ 13 ਅੰਕਾਂ ਨਾਲ 17ਵੇਂ ਅਤੇ ਨਿਹਾਲ ਸਰੀਨ 18ਵੇਂ ਸਥਾਨ ‘ਤੇ ਰਹੇ।