ਟੈਨਿਸ ਦੇ ਮਹਾਨ ਖਿਡਾਰੀ ਨੋਵਾਕ ਜੋਕੋਵਿਚ ਨੇ ਦੁਹਰਾਇਆ ਹੈ ਕਿ ਇਕ ਸਾਲ ਪਹਿਲਾਂ ਆਸਟਰੇਲੀਅਨ ਓਪਨ ਤੋਂ ਪਹਿਲਾਂ ਆਸਟਰੇਲੀਆ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਨੂੰ ਲੈ ਕੇ ਉਸ ਦੇ ਮਨ ‘ਚ ਕੋਈ ਬੁਰੀ ਭਾਵਨਾ ਨਹੀਂ ਹੈ ਅਤੇ ਉਹ ਦੇਸ਼ ‘ਚ ਵਾਪਸ ਆ ਕੇ ਚੰਗਾ ਮਹਿਸੂਸ ਕਰ ਰਿਹਾ ਹੈ ਜਿੱਥੇ ਉਸ ਨੇ ਕਾਫੀ ਸਫਲਤਾਵਾਂ ਹਾਸਲ ਕੀਤੀਆਂ ਸਨ। ਜੋਕੋਵਿਚ ਨੂੰ 12 ਮਹੀਨੇ ਪਹਿਲਾਂ ਕੋਵਿਡ-19 ਟੀਕਾਕਰਨ ਨਾ ਕਰਵਾਉਣ ਕਾਰਨ ਆਸਟਰੇਲੀਆ ਤੋਂ ਡਿਪੋਰਟ ਕੀਤਾ ਗਿਆ ਸੀ। ਉਦੋਂ ਆਸਟਰੇਲੀਆ ‘ਚ ਟੀਕਾਕਰਨ ਸਬੰਧੀ ਸਖ਼ਤ ਨਿਯਮ ਸਨ। ਕੋਵਿਡ-19 ਨਾਲ ਸਬੰਧਤ ਸਖ਼ਤ ਦਿਸ਼ਾ-ਨਿਰਦੇਸ਼ਾਂ ਨੂੰ ਬਾਅਦ ‘ਚ ਵਾਪਸ ਲੈ ਲਿਆ ਗਿਆ ਸੀ ਅਤੇ ਨਵੰਬਰ ‘ਚ ਆਸਟਰੇਲੀਅਨ ਸਰਕਾਰ ਨੇ ਜੋਕੋਵਿਚ ਤੋਂ ਤਿੰਨ ਸਾਲ ਦੀ ਪਾਬੰਦੀ ਵੀ ਹਟਾ ਦਿੱਤੀ ਸੀ। ਉਸ ਨੇ ਜੋਕੋਵਿਚ ਨੂੰ 16 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਸਟਰੇਲੀਅਨ ਓਪਨ ‘ਚ ਹਿੱਸਾ ਲੈਣ ਲਈ ਵੀਜ਼ਾ ਵੀ ਦਿੱਤਾ ਹੈ। ਜੋਕੋਵਿਚ ਨੇ ਅਗਲੇ ਹਫ਼ਤੇ ਐਡੀਲੇਡ ਇੰਟਰਨੈਸ਼ਨਲ ‘ਚ ਹਿੱਸਾ ਲੈਣਾ ਹੈ। ਉਸ ਨੇ ਕਿਹਾ, ‘ਆਸਟਰੇਲੀਆ ਵਾਪਸ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਹ ਇਕ ਅਜਿਹਾ ਦੇਸ਼ ਹੈ ਜਿੱਥੇ ਮੈਨੂੰ ਬਹੁਤ ਸਫਲਤਾ ਮਿਲੀ ਹੈ, ਖਾਸ ਕਰਕੇ ਮੈਲਬੌਰਨ ਵਿੱਚ। ਸਾਰੇ ਗ੍ਰੈਂਡ ਸਲੈਮ ਵਿੱਚੋਂ, ਮੈਂ ਆਸਟਰੇਲੀਅਨ ਓਪਨ ਵਿੱਚ ਸਭ ਤੋਂ ਸਫਲ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਅੱਗੇ ਤੋਂ ਸਭ ਕੁਝ ਠੀਕ ਰਹੇਗਾ। ਬੇਸ਼ੱਕ, ਮੈਂ ਦਰਸ਼ਕਾਂ ਦੀ ਪ੍ਰਤੀਕਿਰਿਆ ਦਾ ਅੰਦਾਜ਼ਾ ਨਹੀਂ ਲਗਾ ਸਕਦਾ।’ ਜੋਕੋਵਿਚ ਨੇ ਕਿਹਾ, ‘ਮੈਂ ਚੰਗਾ ਟੈਨਿਸ ਖੇਡਣ ਦੀ ਕੋਸ਼ਿਸ਼ ਕਰਾਂਗਾ ਅਤੇ ਦਰਸ਼ਕਾਂ ‘ਚ ਚੰਗੀਆਂ ਭਾਵਨਾਵਾਂ ਲੈ ਕੇ ਆਵਾਂਗਾ।’ ਸਟਾਰ ਟੈਨਿਸ ਖਿਡਾਰੀ ਨੇ ਕਿਹਾ ਕਿ ਉਸ ਲਈ ਡਿਪੋਰਟ ਨੂੰ ਭੁੱਲਣਾ ਆਸਾਨ ਨਹੀਂ ਹੈ। ਉਸ ਨੇ ਕਿਹਾ, ‘ਜ਼ਾਹਿਰ ਹੈ ਕਿ 12 ਮਹੀਨੇ ਪਹਿਲਾਂ ਜੋ ਹੋਇਆ ਉਹ ਮੇਰੇ ਲਈ, ਮੇਰੇ ਪਰਿਵਾਰ ਲਈ, ਮੇਰੀ ਟੀਮ ਲਈ ਅਤੇ ਮੇਰੇ ਕਰੀਬੀ ਲੋਕਾਂ ਲਈ ਆਸਾਨ ਨਹੀਂ ਸੀ। ਇਸ ਤਰ੍ਹਾਂ ਦੇਸ਼ ਛੱਡਣਾ ਨਿਰਾਸ਼ਾਜਨਕ ਸੀ। ਤੁਸੀਂ ਅਜਿਹੀਆਂ ਘਟਨਾਵਾਂ ਨੂੰ ਭੁੱਲ ਨਹੀਂ ਸਕਦੇ। ਪਰ ਮੈਂ ਹੁਣ ਇਸ ਤੋਂ ਅੱਗੇ ਵਧਣ ‘ਤੇ ਧਿਆਨ ਦੇ ਰਿਹਾ ਹਾਂ।’