ਅਕਾਲੀ ਦਲ (ਅ) ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਕਾਰਨ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਨਾਲ ਬਿਮਾਰ ਤੇ ਮਰ ਰਹੇ ਲੋਕਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਬਾ ਸਰਕਾਰ ਕੋਲੋਂ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਮੋਗਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਇੰਟਰਨੈਸ਼ਨਲ ਵਾਹਘਾ ਤੇ ਹੁਸੈਨੀਵਾਲਾ ਬਾਰਡਰ ਖੋਲ੍ਹਣਾ ਚਾਹੀਦਾ ਹੈ ਤੇ ਪਾਕਿਸਤਾਨ ਨਾਲ ਵਪਾਰ ਕਰਨਾ ਚਾਹੀਦਾ ਹੈ। ਇਸ ਨਾਲ ਹਰ ਵਰਗ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸੌੜੀ ਸਿਆਸਤ ਨੇ ਪੰਜਾਬ ਨੂੰ ਵਿਚਕਾਰੋਂ ਚੀਰ ਕੇ ਇਕ ਟੁਕੜਾ ਪਾਕਿਸਤਾਨੀ ਪੰਜਾਬ ਤੇ ਦੂਜਾ ਭਾਰਤੀ ਪੰਜਾਬ ਬਣਾ ਦਿੱਤਾ। ਇਹ ਇਤਿਹਾਸਕ ਸੱਚ ਹੈ ਕਿ ਜਿਹੜਾ ਪਾਸਾ ਲਹਿੰਦੇ ਵਾਲਾ ਪੰਜਾਬ ਹੈ, ਉਸ ‘ਚ ਬਹੁਤ ਸਾਰੇ ਅਮੀਰ ਸਿੱਖ ਘਰਾਣੇ ਸਨ ਅਤੇ ਸਭ ਦੀ ਆਪਣੀ ਰਿਆਸਤਾਂ ਵਰਗੀ ਸਰਦਾਰੀ ਸੀ। ਉਨ੍ਹਾਂ ਜੰਮੂ ਕਸਮੀਰ ‘ਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ‘ਤੇ ਚਿੰਤਾਂ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੰਮੂ ‘ਚ ਦਾਖਲ ਨਹੀਂ ਹੋਣ ਦਿੱਤਾ ਗਿਆ ਅਗਰ ਹੁਣ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਸਮੇਤ ਦਾਖਲ ਹੋਣ ਦਿੱਤਾ ਗਿਆ ਤਾਂ ਉਹ ਸੰਸਦ ‘ਚ ਮੁੱਦਾ ਉਠਾਉਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਤੇ ਰਾਜ ਸਰਕਾਰ ਜਾਣਬੁੱਝ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾ ਰਹੀ। ਉਨ੍ਹਾਂ ਕਿਹਾ ਕਿ ਕਰੀਬ 12 ਸਾਲ ਦਾ ਸਮਾਂ ਹੋ ਗਿਆ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋ ਪਾਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ 328 ਪਾਵਨ ਸਰੂਪਾਂ ਦੇ ਖੁਰਦ ਬੁਰਦ ਹੋਣ ਦਾ ਮਾਮਲਾ ਵੀ ਬੁਝਾਰਤ ਬਣ ਗਿਆ ਹੈ। ਸੰਸਦ ਮੈਂਬਰ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਦਾਅਵਿਆਂ ਦੇ ਉਲਟ ਸੂਬਾ ਦੇ ਸਰਕਾਰੀ ਹਸਪਤਾਲਾਂ ‘ਚ ਸੈਂਕੜੇ ਅਸਾਮੀਆਂ ਖਾਲੀ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ‘ਚ ਮਾਹਿਰ ਡਾਕਟਰਾਂ ਅਤੇ ਮੈਡੀਕਲ ਅਫ਼ਸਰਾਂ ਦੀਆਂ ਕਰੀਬ 127 ਅਸਾਮੀਆਂ ਖਾਲੀ ਹਨ। ਅਜਿਹੀ ਸਥਿਤੀ ‘ਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਤਾਂ ਦੂਰ ਦੀ ਗੱਲ, ਲੋੜੀਂਦੀਆਂ ਸਿਹਤ ਸੇਵਾਵਾਂ ਵੀ ਸੰਭਵ ਨਹੀਂ ਹਨ। ਉਨ੍ਹਾਂ ਪਰਵਾਸੀ ਪੰਜਾਬੀ ਮਿਲਣੀ ਸਮਾਗਮਾਂ ‘ਚ ਐਨ.ਆਰ.ਆਈਜ਼ ਦੇ ਪੈਸੇ ਦੀ ਵਰਤੋਂ ਕਰਨ ਉੱਤੇ ਕਿਹਾ ਕਿ ‘ਆਪ’ ਸਰਕਾਰ ਮੁਫ਼ਤ ‘ਚ ਵਾਹ ਵਾਹ ਖੱਟਣਾ ਚਾਹੁੰਦੀ ਹੈ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਜੇ ਬਿਲਕਿਸ ਬਾਨੋ ਨਾਲ ਜਬਰ-ਜਨਾਹ ਕਰਨ ਵਾਲੇ ਤੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਫਿਰ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਨੂੰ ਕਿਉਂ ਨਹੀਂ? ਇਹ ਦੋਹਰੇ ਮਾਪਦੰਡ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨਾਲ ਕਿਉਂ ਅਪਣਾਏ ਜਾ ਰਹੇ ਹਨ? ਬੰਦੀ ਸਿੱਖ 25-25 ਸਾਲਾਂ ਦੀਆਂ ਕਾਨੂੰਨੀ ਸਜ਼ਾਵਾਂ ਪੂਰੀਆ ਕਰਨ ਉਪਰੰਤ 5 ਸਾਲ ਤੋਂ ਅਜੇ ਵੀ ਬੰਦੀ ਹਨ ਅਤੇ ਕਈ ਜ਼ਿੰਦਗੀ ਦੇ ਆਖਰੀ ਮੋੜ ਉੱਤੇ ਹਨ।