ਯੂਨਾਈਟਿਡ ਕੱਪ ਮਿਕਸਡ ਟੀਮ ਟੈਨਿਸ ਪ੍ਰਤੀਯੋਗਿਤਾ ‘ਚ ਰਾਫੇਲ ਨਡਾਲ ਨੂੰ ਬ੍ਰਿਟੇਨ ਦੇ ਕੈਮਰੂਨ ਨੋਰੀ ਹੱਥੋਂ 3-6, 6-3, 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਡਾਲ ਨੇ ਸਾਲ 2022 ‘ਚ ਆਸਟਰੇਲੀਅਨ ਓਪਨ ਤੇ ਫ੍ਰੈਂਚ ਓਪਨ ਦੇ ਖਿਤਾਬ ਜਿੱਤ ਕੇ ਆਪਣੇ ਗ੍ਰੈਂਡ ਸਲੈਮ ਖਿਤਾਬ ਦੀ ਗਿਣਤੀ ਰਿਕਾਰਡ 22 ‘ਤੇ ਪਹੁੰਚਾਈ ਪਰ ਪੈਰ, ਪੱਸਲੀ ਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਨ ਉਹ ਵਿੰਬਲਡਨ ਤੋਂ ਬਾਅਦ ਸਿਰਫ 4 ਪ੍ਰਤੀਯੋਗਿਤਾਵਾਂ ‘ਚ ਹਿੱਸਾ ਲੈ ਸਕਿਆ ਸੀ। ਨੋਰੀ ਨੇ ਇਸ ਜਿੱਤ ਨਾਲ ਬ੍ਰਿਟੇਨ ਨੂੰ ਸਪੇਨ ‘ਤੇ 1-0 ਦੀ ਬੜ੍ਹਤ ਦਿਵਾਈ। ਬ੍ਰਿਸਬੇਨ ‘ਚ ਖੇਡੇ ਜਾ ਰਹੇ ਮੁਕਾਬਲੇ ‘ਚ ਚੋਟੀ ਰੈਂਕਿੰਗ ਦੀ ਖਿਡਾਰੀ ਇਗਾ ਸਵਿਯਾਤੇਕਿ ਨੇ ਯੂਲੀਆ ਪੁਤਿਨਸੇਵਾ ਨੂੰ 6-1, 6-3 ਨਾਲ ਹਰਾ ਕੇ ਪੋਲੈਂਡ ਨੂੰ ਕਜ਼ਾਕਿਸਤਾਨ ‘ਤੇ ਸ਼ੁਰੂਆਤੀ ਬੜ੍ਹਤ ਦਿਵਾਈ। ਪਰਥ ‘ਚ ਬੁਲਗਾਰੀਆ ਤੇ ਬੈਲਜੀਅਮ ਪਹਿਲੇ ਦਿਨ ਤੋਂ ਬਾਅਦ 1-1 ਨਾਲ ਬਰਾਬਰੀ ‘ਤੇ ਹਨ। ਐਲਿਸਨ ਵਾਨ ਓਇਤਵੈਂਚ ਨੇ ਮਹਿਲਾ ਸਿੰਗਲਜ਼ ‘ਚ ਇਸਾਬੇਲਾ ਸ਼ਿਨਿਕੋਵਾ ‘ਤੇ 6-1, 3-6, 6-2 ਨਾਲ ਜਿੱਤ ਦਰਜ ਕਰਕੇ ਬੈਲਜੀਅਮ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਪਰ ਬੁਲਗਾਰੀਆ ਦਾ ਗ੍ਰਿਗੋਰ ਦਿਮਿਤ੍ਰੋਵ ਪੁਰਸ਼ ਸਿੰਗਲਜ਼ ‘ਚ ਡੇਵਿਡ ਗੋਫਿਨ ਨੂੰ 6-4, 7-5 ਨਾਲ ਹਰਾ ਕੇ ਆਪਣੀ ਟੀਮ ਨੂੰ ਬਰਾਬਰੀ ਦਿਵਾਉਣ ‘ਚ ਸਫਲ ਰਿਹਾ। ਇਸ ਤੋਂ ਪਹਿਲਾਂ ਜਿਰੀ ਲੇਹੇਕਾ ਨੇ ਵਿਸ਼ਵ ਦੇ 12ਵੇਂ ਨੰਬਰ ਦੇ ਖਿਡਾਰੀ ਅਲੈਗਜ਼ੈਂਡਰ ਜਵੇਰੇਵ ਨੂੰ 6-4, 6-2 ਨਾਲ ਹਰਾਇਆ, ਜਿਸ ਨਾਲ ਚੈੱਕ ਗਣਰਾਜ ਨੇ ਜਰਮਨੀ ‘ਤੇ 2-0 ਨਾਲ ਬੜ੍ਹਤ ਬਣਾਈ। ਵਿਸ਼ਵ ‘ਚ 81ਵੇਂ ਨੰਬਰ ਦੇ 21 ਸਾਲਾ ਖਿਡਾਰੀ ਲੇਹੇਕਾ ਨੇ ਗਰੁੱਪ-ਸੀ ਦੇ ਇਸ ਮੈਚ ‘ਚ ਚਾਰ ਵਾਰ ਆਪਣੇ ਵਿਰੋਧੀ ਦੀ ਸਰਵਿਸ ਤੋੜੀ।