ਮੁੱਖ ਮੰਤਰੀ ਭਗਵੰਤ ਮਾਨ ਨੇ ਸਤੌਜ ਅਤੇ ਸੰਗਰੂਰ ਦੇ ਦੌਰੇ ਸਮੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਅਹਿਮ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਹਾਲੇ ਵਹੀ ਖਾਤਾ ਖੋਲ੍ਹਿਆ ਹੀ ਹੈ ਅੱਗੇ ਦੇਖਿਓ ਕਿਵੇਂ ਚੀਕਾਂ ਪੈਂਦੀਆਂ। ਇਸ ਤੋਂ ਸਾਫ ਹੈ ਕਿ ਚੰਨੀ ਖ਼ਿਲਾਫ਼ ਵਿਜੀਲੈਂਸ ਦਾ ਸ਼ਿਕੰਜਾ ਕੱਸਣ ਜਾ ਰਿਹਾ ਹੈ। ਇਸ ਲਈ ਵਿਜੀਲੈਂਸ ਬਿਊਰੋ ਨੇ ਵੀ ਤਿਆਰੀਆਂ ਆਰੰਭ ਦਿੱਤੀਆਂ ਹਨ। ਚੰਨੀ ਵੀ ਇਸ ਗੱਲ ਦੇ ਸੰਕੇਤ ਦੇ ਰਹੇ ਹਨ ਕਿ ਜੇ ਵਿਜੀਲੈਂਸ ਕੋਈ ਸ਼ਿਕੰਜਾ ਕੱਸਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਲੜਾਈ ਖੁਦ ਹੀ ਲੜਨੀ ਪਵੇਗੀ। ਵਿਦੇਸ਼ ਤੋਂ ਪਰਤਦਿਆਂ ਹੀ ਵਿਜੀਲੈਂਸ ਨੇ ਚੰਨੀ ਖ਼ਿਲਾਫ਼ ਸਰਕਾਰੀ ਫੰਡਾਂ ਦੀ ਦੁਰਵਰਤੋਂ ਮਾਮਲੇ ਦੀ ਇਕ ਸ਼ਿਕਾਇਤ ‘ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਵਿਜੀਲੈਂਸ ਮਾਮਲੇ ‘ਚ ਚੰਨੀ ਅਲੱਗ-ਥਲੱਗ ਪੈਂਦੇ ਦਿਖਾਈ ਦੇ ਰਹੇ ਹਨ ਕਿਉਂਕਿ ਵਿਦੇਸ਼ ਤੋਂ ਪਰਤਣ ਤੋਂ ਬਾਅਦ ਹਾਲੇ ਤਕ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਕੋਈ ਖ਼ਾਸ ਤਵੱਜੋ ਨਹੀਂ ਦਿੱਤੀ ਗਈ ਹੈ। ਕਾਂਗਰਸ ਦੇ ਨੇਤਾ ਚੰਨੀ ਤੋਂ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ ਹਨ ਕਿਉਂਕਿ ਉਹ ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਵਿਦੇਸ਼ ਚਲੇ ਗਏ ਅਤੇ ਉਨ੍ਹਾਂ ਇੰਨੇ ਸਮੇਂ ਤਕ ਪਾਰਟੀ ਦੇ ਨੇਤਾਵਾਂ ਤੋਂ ਦੂਰੀ ਬਣਾਈ ਰੱਖੀ ਜਦਕਿ ਪੰਜਾਬ ‘ਚ ਕਾਂਗਰਸ ਦੇ ਨੇਤਾਵਾਂ ਨੂੰ ਵਿਜੀਲੈਂਸ ਦਾ ਸਾਹਮਣਾ ਕਰਨਾ ਪਿਆ। ਉਥੇ ਚੰਨੀ ਵਿਦੇਸ਼ ਤੋਂ ਪਰਤਦੇ ਹੀ 19 ਦਸੰਬਰ ਨੂੰ ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਰਸਮੀ ਮੁਲਾਕਾਤ ਲਈ ਗਏ ਅਤੇ ਬਾਅਦ ‘ਚ ਉਹ ਰਾਹੁਲ ਦੀ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਏ। ਅਹਿਮ ਗੱਲ ਇਹ ਹੈ ਕਿ ਚੰਨੀ ਦੇ ਵਾਪਸ ਆਉਣ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਨੂੰ ਪੱਤਰ ਭੇਜ ਕੇ ਰਾਜ ‘ਚ ਰੇਤ ਦੇ ਨਾਜਾਇਜ਼ ਖਣਨ ਦੀ ਜਾਂਚ ਸੀ.ਬੀ.ਆਈ. ਜਾਂ ਈ.ਡੀ. ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਬਾਜਵਾ ਦੇ ਪੱਤਰ ਨੂੰ ਵੀ ਚੰਨੀ ਦੀ ਵਾਪਸੀ ਅਤੇ ਉਨ੍ਹਾਂ ‘ਤੇ ਲੱਗੇ ਨਾਜਾਇਜ਼ ਰੇਤ ਖਣਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਦੇਸ਼ ਜਾਣ ਤੋਂ ਬਾਅਦ ਉਨ੍ਹਾਂ ਦੀ ਕੈਬਨਿਟ ‘ਚ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਅਤੇ ਸੰਗਤ ਸਿੰਘ ਗਿਲਜੀਆਂ ‘ਤੇ ਵਿਜੀਲੈਂਸ ਨੇ ਕਾਰਵਾਈ ਕੀਤੀ। ਆਸ਼ੂ ਹਾਲੇ ਵੀ ਜੇਲ੍ਹ ‘ਚ ਹੈ। ਚੰਨੀ ਕਦੇ ਵੀ ਆਪਣੇ ਕੈਬਨਿਟ ‘ਚ ਮੰਤਰੀ ਰਹੇ ਨੇਤਾਵਾਂ ਦੇ ਸਮਰਥਨ ‘ਚ ਨਹੀਂ ਆਏ। ਕਾਂਗਰਸ ਦੇ ਨੇਤਾ ਇਸ ਗੱਲ ਨੂੰ ਲੈ ਕੇ ਵੀ ਚੰਨੀ ਨਾਲ ਨਾਰਾਜ਼ ਹਨ ਕਿਉਂਕਿ ਜਦੋਂ ਉਹ ਸੰਕਟ ਦਾ ਸਾਹਮਣਾ ਕਰ ਰਹੇ ਸਨ ਤਦ ਚੰਨੀ ਵਿਦੇਸ਼ ਵਿਚ ਬੈਠੇ ਸਨ ਅਤੇ ਉਨ੍ਹਾਂ ਪਾਰਟੀ ਦੇ ਨੇਤਾਵਾਂ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ। ਇਥੋਂ ਤਕ ਕਿ ਵਿਦੇਸ਼ ਤੋਂ ਪਰਤਣ ਤੋਂ ਬਾਅਦ ਵੀ ਉਹ ਪ੍ਰਦੇਸ਼ ਇਕਾਈ ਤੋਂ ਦੂਰ ਰਹੇ। ਪਾਰਟੀ ਸੂਤਰ ਦੱਸਦੇ ਹਨ ਕਿ ਚੰਨੀ ਵੀ ਹੁਣ ਇਸ ਗੱਲ ਨੂੰ ਸਮਝ ਰਹੇ ਕਿ ਜੇ ਵਿਜੀਲੈਂਸ ਉਨ੍ਹਾਂ ਵਿਰੁੱਧ ਕੋਈ ਕਦਮ ਚੁੱਕਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਲੜਾਈ ਖੁਦ ਹੀ ਲੜਨੀ ਪਵੇਗੀ। ਇਹੀ ਕਾਰਨ ਹੈ ਕਿ ਚੰਨੀ ਖੁਦ ਹੀ ਕਹਿਣ ਲੱਗੇ ਹਨ ਕਿ ਉਹ ਇਕੱਲੇ ਇਸ ਕੇਸ ਦਾ ਸਾਹਮਣਾ ਕਰਨਗੇ ਅਤੇ ਪਾਰਟੀ ਅਤੇ ਵਰਕਰਾਂ ਦਾ ਸਹਾਰਾ ਨਹੀਂ ਲੈਣਗੇ। ਉਥੇ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਦੀ ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਜੇ ਵਿਜੀਲੈਂਸ ਚੰਨੀ ਤੋਂ ਪੁੱਛਗਿੱਛ ਕਰਦੀ ਹੈ ਤਾਂ ਇਸ ਦਾ ਅਸਰ ਯਾਤਰਾ ‘ਤੇ ਵੀ ਪੈ ਸਕਦਾ ਹੈ ਕਿਉਂਕਿ ਰਾਹੁਲ ਗਾਂਧੀ ਨੇ ਹੀ ਚੰਨੀ ਨੂੰ ਦੁਬਾਰਾ ਆਪਣੀ ਪਾਰਟੀ ਦਾ ਚਿਹਰਾ ਬਣਾਇਆ ਸੀ।