ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪਿੰਡ ਮੂਸਾ ‘ਚ ਪੰਜਾਬੀ ਗਾਇਕ ਦੇ ਪ੍ਰਸੰਸਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਿਛਲਾ ਸਾਲ ਪਰਿਵਾਰ ਲਈ ਡੂੰਘਾ ਸਦਮਾ ਛੱਡ ਗਿਆ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਕੁਝ ਜਣਿਆਂ ਦੇ ਨਾਂ ਪੁਲੀਸ ਤੇ ਸੂਬਾ ਸਰਕਾਰ ਨੂੰ ਸੌਂਪੇ ਸਨ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਹਾਲੇ ਤਕ ਨਿਆਂ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਹੱਤਿਆ ‘ਚ ਮਾਮਲੇ ਵਿਚ ਸ਼ਾਮਲ ਲੋਕਾਂ ਦੇ ਨਾਂ ਜਨਤਕ ਕੀਤੇ ਜਾਣ। ਚਰਨ ਕੌਰ ਨੇ ਕਿਹਾ ਕਿ ਪੰਜਾਬ ਪੁਲੀਸ ਅਜੇ ਤੱਕ ਉਨ੍ਹਾਂ ਦੇ ਪੁੱਤ ਦੇ ਕਾਤਲਾਂ ਨੂੰ ਨਹੀਂ ਫੜ ਸਕੀ ਹੈ ਅਤੇ ਹੁਣ ਪੁਲੀਸ ਤੋਂ ਇਹ ਉਮੀਦ ਵੀ ਖ਼ਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਸ਼ਾਮਲ ਕੁਝ ਮੁਲਜ਼ਮਾਂ ਦੇ ਨਾਂ ਲਿਖਤੀ ਤੌਰ ‘ਤੇ ਪੁਲੀਸ ਅਤੇ ਸੂਬਾ ਸਰਕਾਰ ਨੂੰ ਸੌਂਪੇ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਨਿਆਂ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਗਾਇਕ ਦੀ ਹੱਤਿਆ ‘ਚ ਸ਼ਾਮਲ ਮੁਲਜ਼ਮਾਂ ਦੇ ਨਾਂ ਜਨਤਕ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਾ ਸਿਰਫ਼ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲੇ, ਸਗੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਦਾ ਵੀ ਪਰਦਾਫਾਸ਼ ਹੋਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਲੈਣ ਲਈ ਉਹ ਪੁਲੀਸ ਅਤੇ ਸਰਕਾਰ ਨੂੰ ਥੋੜ੍ਹਾ ਸਮਾਂ ਹੋਰ ਦੇਣਗੇ, ਇਸ ਮਗਰੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾੜੇ ਸਿਸਟਮ ਦੀ ਭੇਟ ਚੜ੍ਹ ਕੇ ਪੰਜਾਬ ਦਾ ਇਕ ਹੀਰਾ ਗਾਇਕ ਸਦਾ ਲਈ ਗੁਆਚ ਗਿਆ ਹੈ, ਜਿਸ ਦਾ ਦੁੱਖ ਰਹਿੰਦੀ ਜ਼ਿੰਦਗੀ ਤੱਕ ਉਨ੍ਹਾਂ ਦੇ ਦਿਲਾਂ ‘ਚ ਰਹੇਗਾ। ਉਨ੍ਹਾਂ ਨੇ ਬੀਤ ਚੁੱਕੇ ਸਾਲ 2022 ਨੂੰ ਪਰਿਵਾਰ ਲਈ ਦੁਖਦਾਈ ਦੱਸਿਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਇਸ ਵੇਲੇ ਵਿਦੇਸ਼ ਦੌਰੇ ‘ਤੇ ਹੋਣ ਕਾਰਨ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਨਹੀਂ ਕਰ ਸਕੇ ਹਨ। ਉਹ ਲਗਪਗ ਇਕ ਹਫ਼ਤਾ ਪਹਿਲਾਂ ਬਰਤਾਨੀਆ ਗਏ ਸਨ ਅਤੇ ਤਕਰੀਬਨ ਇਕ ਹਫ਼ਤਾ ਹੋਰ ਉਥੇ ਰਹਿਣ ਮਗਰੋਂ ਦੇਸ਼ ਪਰਤਣਗੇ। ਬਰਤਾਨੀਆ ‘ਚ ਸਿੱਧੂ ਮੂਸੇਵਾਲਾ ਦੀ ਨਾਗਰਿਕਤਾ ਸਬੰਧੀ ਪਰਿਵਾਰ ਨੂੰ ਕਾਗ਼ਜ਼ੀ ਕਾਰਵਾਈ ਲਈ ਉਥੇ ਰੁਕਣਾ ਪੈਂਦਾ ਹੈ। ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਦਿਆਂ ਬਰਤਾਨੀਆ ‘ਚ ਪ੍ਰਸ਼ੰਸਕਾਂ ਨੇ ਇਕ ਮਾਰਚ ਵੀ ਕੱਢਿਆ ਸੀ।