ਜਗਰਾਉਂ ਨੇੜਲੇ ਪਿੰਡ ਲੱਖਾ ਦੇ ਚਾਰ ਨੌਜਵਾਨ ਦੋਸਤ ਜਨਮ ਦਿਨ ਮਨਾਉਣ ਲਈ ਘਰਾਂ ਤੋਂ ਗਏ ਪਰ ਰਸਤੇ ‘ਚ ਉਹ ਜ਼ੈੱਨ ਕਾਰਨ ਸਮੇਤ ਡੱਲਾ ਨਹਿਰ ‘ਚ ਜਾ ਡਿੱਗੇ। ਇਨ੍ਹਾਂ ‘ਚੋਂ ਦੋ ਨੌਜਵਾਨ ਪਾਣੀ ‘ਚ ਰੁੜ੍ਹ ਗਏ ਹਨ ਜਦਕਿ ਦੋ ਹੋਰਨਾਂ ਨੂੰ ਪਿੰਡ ਡੱਲਾ ਦੇ ਲੋਕਾਂ ਨੇ ਬਚਾਅ ਲਿਆ ਹੈ। ਘਟਨਾ ਰਾਤ ਗਿਆਰਾਂ ਵਜੇ ਦੇ ਕਰੀਬ ਦੀ ਹੈ ਜਦੋਂ ਦਿਲਪ੍ਰੀਤ ਸਿੰਘ (23) ਪੁੱਤਰ ਹਰਦੇਵ ਸਿੰਘ ਆਪਣਾ ਜਨਮ ਦਿਨ ਮਨਾਉਣ ਤੇ ਪਾਰਟੀ ਕਰਨ ਆਪਣੇ ਤਿੰਨ ਦੋਸਤਾਂ ਸਤਨਾਮ ਸਿੰਘ, ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਨਾਲ ਜ਼ੈੱਨ ਕਾਰ ਨੰਬਰ ਡੀਐੱਸ 3ਸੀ 3430 ‘ਚ ਸਵਾਰ ਹੋ ਕੇ ਪਿੰਡੋਂ ਗਿਆ। ਚਾਰੇ ਦੋਸਤ ਪਿੰਡ ਮੱਲ੍ਹਾ ‘ਚ ਪਾਰਟੀ ਕਰਕੇ ਜਦੋਂ ਡੱਲਾ ਵੱਲ ਜਾ ਰਹੇ ਸਨ ਤਾਂ ਮੱਲ੍ਹਾ-ਰਸੂਲਪੁਰ ਤੋਂ ਡੱਲਾ ਨੂੰ ਜਾਂਦੀ ਸੜਕ ‘ਤੇ ਤਿੱਖੇ ਮੋੜ ਤੋਂ ਕਾਰ ਬੇਕਾਬੂ ਹੋ ਕੇ ਸਿੱਧੀ ਨਹਿਰ ‘ਚ ਜਾ ਡਿੱਗੀ। ਕਾਰ ਦੇ ਪਾਣੀ ‘ਚ ਡਿੱਗਣ ਸਮੇਂ ਦਿਲਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਦਾ ਪਤਾ ਹੀ ਨਹੀਂ ਲੱਗਾ ਕਦੋਂ ਉਹ ਪਾਣੀ ਦੇ ਵਹਾਅ ‘ਚ ਰੁੜ੍ਹ ਗਏ। ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਬੜੀ ਮੁਸ਼ਕਿਲ ਨਾਲ ਕਾਰ ‘ਤੇ ਚੜ੍ਹਨ ‘ਚ ਸਫਲ ਹੋ ਗਏ। ਇਨ੍ਹਾਂ ਦੋਹਾਂ ਨੇ ਰੌਲਾ ਪਾ ਦਿੱਤਾ ਜਿਸ ਨੂੰ ਸੁਣ ਕੇ ਪਿੰਡ ਡੱਲਾ ਦੇ ਕੁਝ ਨੌਜਵਾਨ ਤੇ ਹੋਰ ਲੋਕ ਮੌਕੇ ‘ਤੇ ਪੁੱਜੇ ਗਏ। ਬੰਟੀ, ਕਾਲੂ ਤੇ ਮੋਟੂ ਨਾਮੀਂ ਪਿੰਡ ਡੱਲਾ ਦੇ ਹਿੰਮਤੀ ਨੌਜਵਾਨਾਂ ਨੇ ਪਾਣੀ ‘ਚ ਕਾਰ ‘ਤੇ ਖੜ੍ਹੇ ਦੋਹਾਂ ਨੌਜਵਾਨਾਂ ਨੂੰ ਬਾਹਰ ਕੱਢਿਆ। ਉਨ੍ਹਾਂ ਨੇ ਦਿਲਪ੍ਰੀਤ ਅਤੇ ਸਤਨਾਮ ਸਿੰਘ ਨੂੰ ਵੀ ਨਹਿਰ ‘ਚ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲ ਸਕੇ। ਮੰਨਿਆ ਜਾ ਰਿਹਾ ਹੈ ਕਿ ਉਹ ਪਾਣੀ ‘ਚ ਅੱਗੇ ਵਹਿ ਗਏ ਹਨ। ਸਾਬਕਾ ਸਰਪੰਚ ਚੰਦ ਸਿੰਘ ਡੱਲਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਪਾਣੀ ‘ਚੋਂ ਕੱਢਣ ਵਾਲੇ ਹਿੰਮਤੀ ਬੰਟੀ ਦੇ ਨਹਿਰ ਕੰਢੇ ਲਾਹ ਕੇ ਰੱਖੇ ਕੱਪੜੇ ਅਤੇ ਮੋਬਾਈਲ ਫੋਨ ਹੀ ਕੋਈ ਚੁੱਕ ਕੇ ਲੈ ਗਿਆ। ਪਿੰਡ ਦੀ ਪੰਚਾਇਤ ਅਤੇ ਸਰਪੰਚ ਦੇ ਪਤੀ ਰਣਧੀਰ ਸਿੰਘ ਧੀਰਾ ਨੇ ਇਸ ਮੌਕੇ ਚੋਰੀ ਦੀ ਨਿਖੇਧੀ ਕਰਦਿਆਂ ਪੰਚਾਇਤ ਵੱਲੋਂ ਬੰਟੀ ਦੇ ਨੁਕਸਾਨ ਦੀ ਭਪਰਾਈ ਕਰਨ ਦੀ ਗੱਲ ਆਖੀ ਹੈ। ਇਕੋ ਪਿੰਡ ਦੇ ਦੋ ਨੌਜਵਾਨਾਂ ਦੇ ਨਹਿਰ ‘ਚ ਡਿੱਗਣ ਤੇ ਦੋ ਦੇ ਰੁੜ੍ਹ ਜਾਣ ਕਰਕੇ ਪਿੰਡ ਲੱਖਾ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਮਾਤਮ ਛਾ ਗਿਆ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਬਾਅਦ ‘ਚ ਦਿਲਪ੍ਰੀਤ ਦੀ ਲਾਸ਼ ਡਾਂਗੀਆਂ ਪੁਲ ਤੋਂ ਮਿਲੀ। ਜਾਣਕਾਰੀ ਮੁਤਾਬਕ ਉਸਦਾ ਵੱਡਾ ਭਰਾ ਕੈਨੇਡਾ ਰਹਿੰਦਾ ਹੈ ਅਤੇ ਦਿਲਪ੍ਰੀਤ ਖੁਦ ਵੀ ਆਈਲਟਸ ਕਰਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ।