ਫਗਵਾੜਾ ‘ਚ ਦੇਰ ਰਾਤ ਚਾਰ ਲੁਟੇਰਿਆਂ ਵੱਲੋਂ ਗੰਨ ਪੁਆਇੰਟ ‘ਤੇ ਖੋਹੀ ਇਕ ਗੱਡੀ ਨੂੰ ਟਰੇਸ ਕਰਦੀ ਹੋਈ ਮੌਕੇ ‘ਤੇ ਪੁੱਜੀ ਪੁਲੀਸ ‘ਤੇ ਲੁਟੇਰਿਆਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਐੱਸ.ਐੱਚ.ਓ. ਦੇ ਗੰਨਮੈਨ ਨੂੰ ਗੋਲੀ ਲੱਗ ਗਈ ਜਿਸ ਕਾਰਨ ਮੁਲਾਜ਼ਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰੇਟਾ ਗੱਡੀ ਦੇ ਮਾਲਕ ਅਵਤਾਰ ਸਿੰਘ, ਜੋ ਸਥਾਨਕ ਇਕ ਬੈਂਕ ‘ਚ ਮੁਲਾਜ਼ਮ ਹਨ, ਨੇ ਦੱਸਿਆ ਕਿ ਜਦੋਂ ਉਹ ਗੱਡੀ ‘ਚ ਆਪਣੇ ਘਰ ਜਾ ਰਹੇ ਸਨ ਤਾਂ ਅਰਬਨ ਸਟੇਟ ਕੋਲ 4 ਲੁਟੇਰੇ ਆਏ, ਜੋ ਗੰਨ ਪੁਆਇੰਟ ‘ਤੇ ਉਨ੍ਹਾਂ ਦੀ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਪੁਲੀਸ ਨੂੰ ਸੂਚਨਾ ਦਿੱਤੀ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਗੱਡੀ ‘ਚ ਜੀ.ਪੀ. ਐੱਸ. ਲੱਗਿਆ ਹੋਇਆ ਹੈ। ਪੁਲੀਸ ਨਾਲ ਉਹ ਜੀ.ਪੀ.ਐੱਸ. ਦੀ ਮਦਦ ਨਾਲ ਗੱਡੀ ਨੂੰ ਟਰੇਸ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਗੱਡੀ ਦੀ ਲੋਕੇਸ਼ਨ ਮਿਲ ਗਈ ਜਦੋਂ ਪੁਲੀਸ ਪਾਰਟੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਲੱਗੀ ਤਾਂ ਲੁਟੇਰਿਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਗਵਾੜਾ ਪੁਲੀਸ ਦੀ ਉਕਤ ਕਾਰਵਾਈ ਦੌਰਾਨ ਥਾਣਾ ਸਿਟੀ ਫਗਵਾੜਾ ‘ਚ ਤਾਇਨਾਤ ਇਕ ਪੁਲੀਸ ਮੁਲਾਜ਼ਮ ਕੁਲਦੀਪ ਸਿੰਘ ਬਾਜਵਾ ਦੇ ਗੋਲੀ ਲੱਗ ਗਈ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਵੱਲੋਂ ਪੁਲੀਸ ‘ਤੇ ਫਾਇਰਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲੀਸ ਨੇ ਗੱਡੀ ਬਰਾਮਦ ਕਰ ਲਈ ਹੈ ਅਤੇ ਲੁਟੇਰਿਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਫਗਵਾੜਾ ‘ਚ ਦੇਰ ਰਾਤ ਲੁਟੇਰਿਆਂ ਵੱਲੋਂ ਪੁਲੀਸ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਐੱਚ.ਡੀ.ਐੱਫ.ਸੀ. ਬੈਂਕ ਵਲੋਂ 1 ਕਰੋੜ ਰੁਪਏ ਦਾ ਬੀਮਾ ਭੁਗਤਾਨ ਕੀਤਾ ਜਾਏਗਾ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੇ ਡਿਊਟੀ ਦੌਰਾਨ ਕੁਰਬਾਨੀ ਦਿੱਤੀ ਹੈ, ਸਰਕਾਰ ਆਪਣੇ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ।