ਸਿਟੀਜਨਸ਼ਿਪ ਤੇ ਮਲਟੀ ਕਲਚਰਲ ਮੰਤਰੀ (ਓਂਟਾਰੀਓ) ਮਾਈਕਲ ਫੋਰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ ਪੁੱਜਣ ‘ਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਤੇ ਗਾਇਡ ਰਣਧੀਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਪ੍ਰੰਪਰਾਵਾਂ ਦੇ ਨਾਲ-ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਮਾਈਕਲ ਫੋਰਡ ਨੇ ਦਰਸ਼ਨ ਕਰਨ ਸਮੇਂ ਪਰਿਕਰਮਾ ਕੀਤੀ ਤੇ ਸੰਗਤ ਲਈ ਲੰਗਰ ਦੇ ਸਾਰੇ ਪ੍ਰਬੰਧ ਦੀ ਜਾਣਕਾਰੀ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਈਕਲ ਫੋਰਡ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਿੱਖ ਦੋਸਤਾਂ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਰੇ ਬਹੁਤ ਕੁਝ ਸੁਣਿਆ ਸੀ, ਅੱਜ ਇਥੇ ਆ ਕੇ ਜੋ ਅਸੀਮ ਸ਼ਾਤੀ ਹਾਸਲ ਹੋਈ ਹੈ, ਉਹ ਸ਼ਬਦਾਂ ‘ਚ ਬਿਆਨ ਨਹੀਂ ਕੀਤੀ ਜਾ ਸਕਦੀ। ਇਥੇ ਆ ਕੇ ਸਿੱਖ ਧਰਮ ਬਾਰੇ ਬਹੁਤ ਕੁਝ ਨਵਾਂ ਜਾਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਆਰਥਿਕ ਵਿਕਾਸ ‘ਚ ਸਿੱਖਾਂ ਦਾ ਅਹਿਮ ਯੋਗਦਾਨ ਹੈ। ਓਂਟਾਰੀਓ ‘ਚ ਉਨ੍ਹਾਂ ਦੇ ਖੇਤਰ ‘ਚ ਬਹੁਤ ਗੁਰੂ ਘਰ ਹਨ ਅਤੇ ਅਕਸਰ ਆਪਣੇ ਸਿੱਖ ਦੋਸਤਾਂ ਨਾਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਮੁਲਕ ‘ਚ ਹਰ ਕੌਮ ਦਾ ਬਹੁਤ ਸਤਿਕਾਰ ਹੈ ਅਤੇ ਨੀਤੀਆਂ ਤਿਆਰ ਕਰਨ ਸਮੇਂ ਹਰ ਧਰਮ, ਕੌਮ ਤੇ ਜਾਤ ਦੀ ਸੁਰੱਖਿਆ ਤੇ ਆਜ਼ਾਦੀ ਦਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਓਂਟਾਰੀਓ ‘ਚ ਲੱਖਾਂ ਪੰਜਾਬੀ ਘੁੰਮਣ ਤੇ ਪੜ੍ਹਾਈ ਕਰਨ ਲਈ ਆਉਂਦੇ ਹਨ ਅਤੇ ਸ਼ਾਤੀ, ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦੇ ਮਿਸਾਲੀ ਇਲਾਕੇ ‘ਚ ਓਂਟਾਰੀਓ ਦਾ ਵਿਸ਼ੇਸ਼ ਤੌਰ ‘ਤੇ ਨਾਂ ਹੈ। ਉਨ੍ਹਾਂ ਕਿਹਾ ਕਿ ਜਦ ਕਿਸੇ ਪੰਜਾਬੀ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ ਤੇ ਉਹ ਮੇਰੇ ਨਾਲ ਆਪਣੀ ਭਾਸ਼ਾ ‘ਚ ਗੱਲ ਕਰਨੀ ਚਾਹੁੰਦਾ ਹੈ ਤਾਂ ਮੈਂ ਇਸ ਲਈ ਬਹੁਭਾਸ਼ੀ ਗਾਈਡ ਵੀ ਰੱਖੇ ਹੋਏ ਹਨ। ਇਸ ਮੌਕੇ ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ ਅਤੇ ਸਰਬਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਸਿੱਖ ਇਤਿਹਾਸ ਦੀਆਂ ਪੁਸਤਕਾਂ ਦਾ ਸੈੱਟ ਦੇ ਕੇ ਓਂਟਾਰੀਓ ਦੇ ਮੰਤਰੀ ਨੂੰ ਸਨਮਾਨਿਤ ਕੀਤਾ। ਉਪਰੰਤ ਉਹ ਜਲ੍ਹਿਆਂਵਾਲਾ ਬਾਗ਼ ਵੀ ਗਏ।