ਸੀਨੀਅਰ ਕਾਂਗਰਸੀ ਆਗੂ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦਾ ਅੱਜ ਸਵੇਰੇ ਉਸ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਜਦੋਂ ਉਹ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਨਾਲ ਪੈਦਲ ਚੱਲ ਰਹੇ ਸਨ। ਯਾਤਰਾ ਜਦੋਂ ਫਿਲੌਰ ਤੋਂ ਦੋ ਕਿਲੋਮੀਟਰ ਅੱਗੇ ਪਹੁੰਚੀ ਤਾਂ ਐੱਮ.ਪੀ. ਚੌਧਰੀ ਸੰਤੋਖ ਸਿੰਘ ਦੀ ਤਬੀਅਤ ਵਿਗੜੀ ਅਤੇ ਉਹ ਅਚਾਨਕ ਡਿੱਗ ਪਏ। ਉਨ੍ਹਾਂ ਨੂੰ ਯਾਤਰਾ ਦੇ ਨਾਲ ਜਾ ਰਹੀ ਐਂਬੂਲੈਂਸ ‘ਚ ਫੌਰੀ ਫਗਵਾੜਾ ਦੇ ਇਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਹੁਲ ਗਾਂਧੀ ਦੀ ਹੋਰ ਕਾਂਗਰਸੀ ਆਗੂਆਂ ਨਾਲ ਹਸਪਤਾਲ ਪਹੁੰਚ ਗਏ ਸਨ ਅਤੇ ਯਾਤਰਾ ਉਸ ਵਕਤ ਰੋਕ ਦਿੱਤੀ ਗਈ। ਵੇਰਵਿਆਂ ਮੁਤਾਬਕ ਦਿੱਲੀ ਤੋਂ ਪਰਤੇ ਰਾਹੁਲ ਗਾਂਧੀ ਨੇ ਸਵੇਰੇ ਲੁਧਿਆਣਾ ਦੇ ਲਾਡੋਵਾਲ ਤੋਂ ਯਾਤਰਾ ਮੁੜ ਸ਼ੁਰੂ ਕੀਤੀ ਅਤੇ ਉਹ ਫਿਲੌਰ ਤੋਂ ਚੱਲੇ ਸਨ ਜਿਸ ਦੀ ਨੁਮਾਇੰਦਗੀ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ ਪੰਜਾਬ ਵਿਧਾਨ ਸਭਾ ‘ਚ ਕਰਦੇ ਹਨ। ਥੋੜ੍ਹੀ ਦੇਰ ਬਾਅਦ ਜਦੋਂ ਯਾਤਰਾ ਗੁਰਾਇਆ ਵੱਲ ਜਾ ਰਹੀ ਸੀ ਤਾਂ ਚੌਧਰੀ ਡਿੱਗ ਪਏ। ਉਨ੍ਹਾਂ ਨੂੰ ਫਗਵਾੜਾ ਦੇ ਵਿਰਕ ਹਸਪਤਾਲ ਲਿਜਾਇਆ ਗਿਆ। ਡਾ. ਜਸਜੀਤ ਸਿੰਘ ਵਿਰਕ ਨੇ ਕਿਹਾ, ‘ਸੰਭਾਵਤ ਤੌਰ ‘ਤੇ ਇਹ ਲੱਗਦਾ ਹੈ ਕਿ ਚੌਧਰੀ ਸਾਹਿਬ ਨੂੰ ਦਿਲ ਦਾ ਦੌਰਾ ਪਿਆ ਸੀ।’ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਮ੍ਰਿਤਕ ਦੇਹ ਜਲੰਧਰ ਸ਼ਹਿਰ ਦੇ ਨਿਊ ਵਿਜੇ ਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਲਿਆਂਦੀ ਗਈ ਜਿੱਥੇ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ। ਉਹ ਦੂਜੀ ਵਾਰ ਸੰਸਦ ਮੈਂਬਰ ਬਣੇ। ਇਸ ਤੋਂ ਪਹਿਲਾਂ ਉਹ ਫਿਲੌਰ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਦਿਆਂ 1992 ਤੋਂ 1997 ਤੱਕ ਕਾਂਗਰਸ ਸਰਕਾਰ ‘ਚ ਰਾਜਿੰਦਰ ਕੌਰ ਭੱਠਲ ਅਤੇ ਹਰਚਰਨ ਸਿੰਘ ਬਰਾੜ ਦੀ ਕੈਬਨਿਟ ‘ਚ ਮੰਤਰੀ ਵੀ ਰਹਿ ਚੁੱਕੇ ਹਨ। ਕਾਂਗਰਸੀ ਸੰਸਦ ਮੈਂਬਰ ਦੇ ਦਿਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ, ‘ਮੈਂ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਬੇਵਕਤੀ ਦਿਹਾਂਤ ‘ਤੇ ਡੂੰਘਾ ਦੁਖੀ ਹਾਂ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਮੈਂਬਰ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋਣ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਇਸ ਦੁੱਖ ਦੀ ਘੜੀ ‘ਚ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਹਾਂ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ। ਇਸ ਦੇ ਨਾਲ ਹੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।