ਪੰਜਾਬ ‘ਚ ਨਸ਼ਾ ਤਸਕਰੀ ਦੇ ਵਧ ਰਹੇ ਮਾਮਲਿਆਂ ਨਾਲ ਸਿੱਝਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ‘ਚ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਅੰਮ੍ਰਿਤਸਰ ‘ਚ ਖੇਤਰੀ ਦਫ਼ਤਰ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਖੇਤਰੀ ਦਫ਼ਤਰ ਦੀ ਅਗਵਾਈ ਡਿਪਟੀ ਡਾਇਰੈਕਟਰ ਜਨਰਲ ਕਰਨਗੇ ਜੋ ਅਕਸਰ ਆਈ.ਜੀ. ਜਾਂ ਉਸ ਤੋਂ ਉਪਰਲੇ ਰੈਂਕ ਦਾ ਅਫ਼ਸਰ ਹੁੰਦਾ ਹੈ। ਇਸ ਦੇ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿਥੇ ਐੱਨ.ਸੀ.ਬੀ.ਦੇ ਦੋ ਵੱਖੋ ਵੱਖਰੇ ਦਫ਼ਤਰ ਹੋਣਗੇ। ਹੁਣ ਐੱਨ.ਸੀ.ਬੀ. ਦੇ ਚੰਡੀਗੜ੍ਹ ‘ਚ ਮੌਜੂਦਾ ਜ਼ੋਨਲ ਡਿਵੀਜ਼ਨ ਅਤੇ ਅੰਮ੍ਰਿ਼ਤਸਰ ‘ਚ ਖੇਤਰੀ ਦਫ਼ਤਰ ਵੱਖ ਵੱਖ ਇਲਾਕਿਆਂ ‘ਚ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ‘ਤੇ ਨੱਥ ਪਾਉਣਗੇ। ਅੰਮ੍ਰਿਤਸਰ ਖੇਤਰੀ ਦਫ਼ਤਰ ਅਧੀਨ ਸਤਲੁਜ ਦਰਿਆ ਦੇ ਉਪਰ ਵਾਲਾ ਖੇਤਰ ਹੋਵੇਗਾ। ਅੰਮ੍ਰਿਤਸਰ ਤੋਂ ਇਲਾਵਾ ਗੁਹਾਟੀ, ਚੇਨਈ ਅਤੇ ਅਹਿਮਦਾਬਾਦ ‘ਚ ਵੀ ਐੱਨ.ਸੀ.ਬੀ. ਦੇ ਖੇਤਰੀ ਦਫ਼ਤਰ ਖੋਲ੍ਹੇ ਜਾਣਗੇ। ਮਹਾਰਾਸ਼ਟਰ ਵੱਲ ਐੱਨ.ਸੀ.ਬੀ. ਦਾ ਵਧੇਰੇ ਧਿਆਨ ਨਹੀਂ ਦੇਖਿਆ ਜਾ ਰਿਹਾ ਜਿਥੇ ਪਿਛਲੇ ਸਾਲ ਸਭ ਤੋਂ ਵਧ ਨਸ਼ਾ ਤਸਕਰੀ ਦੇ ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਮੁਲਕ ਦਾ ਸਭ ਤੋਂ ਵੱਡਾ ਸੂਬਾ ਹੋਣ ਦੇ ਬਾਵਜੂਦ ਉੱਤਰ ਪ੍ਰਦੇਸ਼ ਉਸ ਦੇ ਰਾਡਾਰ ‘ਤੇ ਨਹੀਂ ਹੈ। ਐੱਨ.ਸੀ.ਬੀ. ਨੇ ਇਸੇ ਹਫ਼ਤੇ ਲੁਧਿਆਣਾ ਤੋਂ ਚਲਦੇ ਕੌਮਾਤਰੀ ਨਸ਼ਾ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਪੰਜਾਬ ‘ਚ ਨਸ਼ੇ ਦੇ ਕਾਰੋਬਾਰ ਦੀਆਂ ਵਧੇਰੇ ਘਟਨਾਵਾਂ, ਪਾਕਿਸਤਾਨ ਨਾਲ ਕੌਮਾਂਤਰੀ ਸਰਹੱਦ ਅਤੇ ਜੰਮੂ ਕਸ਼ਮੀਰ ਤੇ ਰਾਜਸਥਾਨ ਤੋਂ ਤਸਕਰੀ ਹੋਣ ਕਾਰਨ ਪੰਜਾਬ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਤਿੰਨ ਕੁ ਸਾਲ ਪਹਿਲਾਂ ਟਰੈਮਾਡੋਲ ਦੀਆਂ ਗ਼ੈਰਕਾਨੂੰਨੀ ਢੰਗ ਨਾਲ ਬਣਾਈਆਂ ਜਾਂਦੀਆਂ ਗੋਲੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ‘ਚ ਐੱਨ.ਸੀ.ਬੀ. ਦਾ ਉਪ ਜ਼ੋਨ ਖੋਲ੍ਹਿਆ ਸੀ। ਗ੍ਰਹਿ ਮੰਤਰਾਲੇ ਨੇ ਐੱਨ.ਸੀ.ਬੀ. ਦਾ ਅੰਮ੍ਰਿਤਸਰ ‘ਚ ਖੇਤਰੀ ਦਫ਼ਤਰ ਖੋਲ੍ਹਣ ਲਈ 12 ਜਨਵਰੀ ਨੂੰ ਪੱਤਰ ਲਿਖਿਆ ਸੀ।