ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡ ਅਤੇ ਨਿਊਜ਼ੀਲੈਂਡ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ‘ਚ ਜੇਤੂ ਸ਼ੁਰੂਆਤ ਕੀਤੀ। ਇਸ ਦੌਰਾਨ ਨੀਦਰਲੈਂਡ ਨੇ ਮਲੇਸ਼ੀਆ ਨੂੰ 4-0 ਅਤੇ ਨਿਊਜ਼ੀਲੈਂਡ ਨੇ ਚਿੱਲੀ ਨੂੰ 3-1 ਨਾਲ ਮਾਤ ਦਿੱਤੀ। ਪੂਲ ਸੀ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਲਈ ਸੈਮ ਲੇਨ ਨੇ ਨੌਵੇਂ ਮਿੰਟ ‘ਚ ਪਹਿਲਾ ਗੋਲ ਕੀਤਾ ਜਦਕਿ ਬਾਕੀ ਦੋ ਗੋਲ ਸੈਮ ਹੀਹਾ (11ਵੇਂ ਅਤੇ 18ਵੇਂ ਮਿੰਟ) ਨੇ ਕੀਤੇ। ਚਿੱਲੀ ਲਈ ਇਕੋ-ਇਕ ਗੋਲ ਇਗਨਾਸੀਓ ਕੋਂਟਾਰਡੋ ਨੇ 49ਵੇਂ ਮਿੰਟ ‘ਚ ਕੀਤਾ। ਦੂਜੇ ਮੈਚ ‘ਚ ਟੀ. ਵੈਨ ਡੈਮ ਨੇ 19ਵੇਂ ਮਿੰਟ ‘ਚ ਗੋਲ ਕਰ ਕੇ ਦੁਨੀਆਂ ਦੀ ਤੀਜੇ ਨੰਬਰ ਦੀ ਟੀਮ ਨੀਦਰਲੈਂਡਜ਼ ਨੂੰ ਲੀਡ ਦਿਵਾਈ। ਇਸ ਤੋਂ ਚਾਰ ਮਿੰਟ ਬਾਅਦ ਜਿਪ ਜਾਨਸੇਨ ਨੇ ਪੈਨਲਟੀ ਸਟਰੋਕ ਨੂੰ ਗੋਲ ‘ਚ ਬਦਲਿਆ। ਇਸ ਮਗਰੋਂ ਤੀਊਨ ਬੇਂਸ ਨੇ 46ਵੇਂ ਮਿੰਟ ‘ਚ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲ ਕੇ ਸਕੋਰ 3-0 ਕਰ ਦਿੱਤਾ। ਨੀਦਰਲੈਂਡ ਲਈ ਆਖਰੀ ਗੋਲ ਜੋਰਿਟ ਕਰੂਨ ਨੇ ਕੀਤਾ। ਇਸੇ ਤਰ੍ਹਾਂ ਹੋਰ ਮੈਚਾਂ ‘ਚ ਬੈਲਜੀਅਮ ਨੇ ਕੋਰੀਆ ਨੂੰ 5-0 ਅਤੇ ਜਰਮਨੀ ਨੇ ਜਾਪਾਨ ਨੂੰ 3-0 ਨਾਲ ਹਰਾਇਆ। ਦੋ ਵਾਰ ਦੀ ਵਰਲਡ ਚੈਂਪੀਅਨ ਜਰਮਨੀ ਨੇ ਪੂਲ ਬੀ ਮੁਕਾਬਲੇ ‘ਚ ਜਾਪਾਨ ਨੂੰ 3-0 ਨਾਲ ਹਰਾ ਕੇ ਆਪਣੀ ਮੁਹਿੰਮ ਦਾ ਜ਼ੋਰਦਾਰ ਆਗਾਜ਼ ਕੀਤਾ। ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਮੁਕਾਬਲੇ ‘ਚ ਜੇਤੂ ਟੀਮ ਨੇ ਗੋਲ ਮੈਟਸ ਗ੍ਰੈਂਬੁਸ਼ (36ਵੇਂ ਮਿਨਟ), ਕ੍ਰਿਸਟੋਫਰ ਰੂਰ (41ਵਾਂ) ਅਤੇ ਥੀਏਸ ਪ੍ਰਿੰਸ (49ਵਾਂ ਮਿਨਟ) ਨੇ ਕੀਤੇ। ਸਾਬਕਾ ਵਰਲਡ ਚੈਂਪੀਅਨ ਜਰਮਨੀ ਨੇ ਪਹਿਲੇ ਹੀ ਮਿੰਟ ਤੋਂ ਹਮਲਾਵਰ ਰਵੱਈਆ ਅਪਨਾਇਆ ਪਰ ਪਹਿਲੇ ਅਤੇ ਦੂਸਰੇ ਕੁਆਰਟਰ ‘ਚ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਸ਼ੁਰੂਆਤੀ ਹਾਫ ‘ਚ ਜਾਪਾਨ ਦੇ ਡਿਫੈਂਸ ਨੂੰ ਭੇਦਣ ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਜਰਮਨੀ ਨੇ ਤੀਸਰੇ ਕੁਆਰਟਰ ‘ਚ ਜ਼ਿਆਦਾ ਨਿਡਰਤਾ ਦੇ ਨਾਲ ਕੋਰੀਆ ਹਾਫ ‘ਚ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਇਸ ਦਾ ਫਲ 36ਵੇਂ ਮਿੰਟ ‘ਚ ਪੈਨਲਟੀ ਕਾਰਨਰ ਦੇ ਨਾਲ ਮਿਲਿਆ ਜਿਸ ਨੂੰ ਕਪਤਾਨ ਗ੍ਰੈਂਬੁਸ਼ ਨੇ ਗੋਲ ‘ਚ ਤਬਦੀਲ ਕਰਦਿਆਂ ਆਪਣੀ ਟੀਮ ਨੂੰ 1-0 ਨਾਲ ਬੜ੍ਹਤ ਦੁਆ ਦਿੱਤੀ।