ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਇਕ ਘਰ ‘ਚ ਸੋਮਵਾਰ ਤੜਕੇ ਫਾਇਰਿੰਗ ਦੀ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ। ਸ਼ੈਰਿਫ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ‘ਚ 17 ਸਾਲਾ ਮਾਂ ਅਤੇ ਉਸ ਦਾ 6 ਮਹੀਨੇ ਦਾ ਬੱਚਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀ ਘੱਟ ਤੋਂ ਘੱਟ ਦੋ ਸ਼ੱਕੀਆਂ ਦੀ ਭਾਲ ਕਰ ਰਹੇ ਹਨ। ਤੁਲਾਰੇ ਕਾਊਂਟੀ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਸੋਮਵਾਰ ਤੜਕੇ ਸਾਢੇ ਤਿੰਨ ਵਜੇ ਪੂਰਬੀ ਵਿਸਾਲੀਆ ਦੇ ਇਕ ਘਰ ‘ਚ ਫਾਇਰਿੰਗ ਦੀ ਸੂਚਨਾ ਮਿਲੀ। ਸ਼ੈਰਿਫ ਮਾਈਕ ਬਾਊਡ੍ਰੀਕਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਚਨਾ ਸੀ ਕਿ ਇਕ ਸ਼ੂਟਰ ਇਲਾਕੇ ‘ਚ ਹੈ। ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਗੋਲੀਬਾਰੀ ਦਾ ਤਾਜ਼ਾ ਮਾਮਲਾ ਫਲੋਰੀਡਾ ਦਾ ਹੈ। ਫੋਰਟ ਪੀਅਰਸ ‘ਚ ਮਾਰਟਿਨ ਲੂਥਰ ਕਿੰਗ ਦਿਵਸ ਦੇ ਜਸ਼ਨ ‘ਚ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ‘ਚ 8 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਫੋਰਟ ਪੀਅਰਸ ਦੇ ਇਲਸ ਐਲਿਸ ਪਾਰਕ ‘ਚ ਆਯੋਜਿਤ ਕੀਤਾ ਜਾ ਰਿਹਾ ਸੀ। ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ। ਪ੍ਰੋਗਰਾਮ ‘ਚ ਲਾਈਵ ਸੰਗੀਤ, ਬੱਚਿਆਂ ਲਈ ਵੱਖ-ਵੱਖ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ। ਇਸ ਦੌਰਾਨ ਗੋਲੀਬਾਰੀ ਹੋਈ। ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲੀਸ ਮੌਕੇ ‘ਤੇ ਇਸ ਦੀ ਜਾਂਚ ਕਰ ਰਹੀ ਹੈ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।