ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਣ ਅਤੇ ਕੋਰੀਆ ਦੀ ਅਨ ਸਿਅੰਗ ਨੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਆਪਣੇ ਆਪਣੇ ਵਰਗਾਂ ‘ਚ ਦੋ ਵਾਰ ਦੇ ਵਰਲਡ ਚੈਂਪੀਅਨਾਂ ਨੂੰ ਹਰਾ ਕੇ ਪੁਰਸ਼ ਅਤੇ ਮਹਿਲਾ ਸਿੰਗਲਜ਼ ਚੈਂਪੀਅਨ ਬਣੇ। ਕੁਨਲਾਵੁਤ ਨੇ ਪੁਰਸ਼ਾਂ ਦੇ ਸਿੰਗਲਜ਼ ਫਾਈਨਲ ‘ਚ ਦੋ ਵਾਰ ਦੇ ਵਰਲਡ ਚੈਂਪੀਅਨ ਅਤੇ ਓਲੰਪਿਕ ਸੋਨ ਤਗਮਾ ਜੇਤੂ ਵਿਕਟਰ ਐਕਸੇਲਸੇਨ ਨੂੰ 22-20, 10-21 ਅਤੇ 21-12 ਜਦਕਿ ਸਿਅੰਗ ਨੇ ਦੋ ਵਾਰ ਦੀ ਵਰਲਡ ਚੈਂਪੀਅਨ ਜਪਾਨ ਦੀ ਅਕਾਨੇ ਯਾਮਾਗੁਚੀ ਨੂੰ 15-21, 21-16 ਅਤੇ 21-12 ਨਾਲ ਹਰਾਇਆ। ਇਸ ਤਰ੍ਹਾਂ ਸਿਅੰਗ ਇੰਡੀਆ ਓਪਨ ਜਿੱਤਣ ਵਾਲੀ ਪਹਿਲੀ ਕੋਰੀਅਨ ਖਿਡਾਰਨ ਬਣ ਗਈ ਹੈ। ਪਿਛਲੇ ਹਫ਼ਤੇ ਮਲੇਸ਼ੀਆ ਓਪਨ ‘ਚ ਤਿੰਨ ਗੇਮ ਦਾ ਫਾਈਨਲ ਹੋਇਆ ਸੀ ਪਰ ਸਿਅੰਗ ਉਹ ਮੁਕਾਬਲਾ ਯਾਮਾਗੁਚੀ ਤੋਂ ਹਾਰ ਗਈ ਸੀ। ਉਧਰ ਪੁਰਸ਼ਾਂ ਦੇ ਡਬਲਜ਼ ਮੁਕਾਬਲੇ ਦਾ ਖ਼ਿਤਾਬ ਵੇਈ ਕੇਂਗ ਅਤੇ ਵਾਂਗ ਚਾਂਗ ਦੀ ਜੋੜੀ ਦੇ ਨਾਮ ਰਿਹਾ। ਉਨ੍ਹਾਂ ਫਾਈਨਲ ‘ਚ ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਜੋੜੀ ਨੂੰ 14-21, 21-19 ਅਤੇ 21-18 ਨਾਲ ਹਰਾਇਆ। ਜਪਾਨ ਦੀ ਜੋੜੀ ਯੁਟਾ ਵਾਨਾਨਬੇ ਅਤੇ ਅਰੀਸਾ ਹਿਗਾਸ਼ਿਨੋ ਨੇ ਮਿਕਸਡ ਡਬਲਜ਼ ਅਤੇ ਨਾਮੀ ਮਾਤਸੁਆਮਾ ਤੇ ਚਿਹਾਰੂ ਸ਼ਿਦਾ ਦੀ ਜੋੜੀ ਨੇ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਿਆ।