ਵਿੰਬਲਡਨ ਚੈਂਪੀਅਨ ਏਲੇਨਾ ਰਾਇਬਾਕਿਨਾ ਨੇ ਵਰਲਡ ਦੀ ਨੰਬਰ ਇਕ ਖਿਡਾਰਨ ਇਗਾ ਸਵੀਆਟੇਕ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਪਹਿਲੀ ਵਾਰ ਆਸਟਰੇਲੀਅਨ ਓਪਨ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਇਸ ਟੂਰਨਾਮੈਂਟ ‘ਚ 22ਵਾਂ ਦਰਜਾ ਪ੍ਰਾਪਤ ਰਾਇਬਾਕਿਨਾ ਨੇ ਆਪਣੀ ਤਿੱਖੀ ਸਰਵਿਸ ਨਾਲ ਸਵੀਆਟੇਕ ਨੂੰ ਪ੍ਰੇਸ਼ਾਨ ਕੀਤਾ ਅਤੇ ਡੇਢ ਘੰਟੇ ਤੱਕ ਚੱਲੇ ਮੈਚ ‘ਚ 6-4, 6-4 ਨਾਲ ਜਿੱਤ ਦਰਜ ਕੀਤੀ। ਸਵੀਆਟੇਕ ਤਿੰਨ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਹੈ। ਉਸਨੇ ਪਿਛਲੇ ਸਾਲ ਫਰੈਂਚ ਓਪਨ ਅਤੇ ਯੂ.ਐਸ. ਓਪਨ ਦੇ ਖਿਤਾਬ ਜਿੱਤੇ ਸਨ। ਰਾਇਬਾਕਿਨਾ ਦੀ ਰੈਂਕਿੰਗ ਉਸ ਦੇ ਹੁਨਰ ਦਾ ਸਹੀ ਮੁਲਾਂਕਣ ਨਹੀਂ ਕਰਦੀ ਕਿਉਂਕਿ ਪਿਛਲੇ ਸਾਲ ਵਿੰਬਲਡਨ ਚੈਂਪੀਅਨ ਬਣਨ ਤੋਂ ਬਾਅਦ ਉਸ ਨੂੰ ਕੋਈ ਰੈਂਕਿੰਗ ਦਾ ਫਾਇਦਾ ਨਹੀਂ ਮਿਲਿਆ ਹੈ। ਆਲ ਇੰਗਲੈਂਡ ਕਲੱਬ ਦੇ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਵਿੰਬਲਡਨ ‘ਚ ਦਾਖਲ ਨਾ ਕਰਨ ਦੇ ਫੈਸਲੇ ਦੇ ਕਾਰਨ ਡਬਲਿਊ.ਟੀ.ਏ. ਅਤੇ ਏ.ਟੀ.ਪੀ. ਨੇ ਫਿਰ ਇਸ ਟੂਰਨਾਮੈਂਟ ਤੋਂ ਆਪਣੀ ਰੈਂਕਿੰਗ ‘ਚ ਅੰਕ ਨਹੀਂ ਜੋੜੇ। ਰਾਇਬਾਕਿਨਾ ਦਾ ਜਨਮ ਮਾਸਕੋ ‘ਚ ਹੋਇਆ ਸੀ ਪਰ ਉਹ 2018 ਤੋਂ ਕਜ਼ਾਕਿਸਤਾਨ ਦੀ ਨੁਮਾਇੰਦਗੀ ਕਰ ਰਹੀ ਹੈ।