ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ‘ਚ ਪ੍ਰਦਰਸ਼ਨਕਾਰੀ ਪੁਲੀਸ ਅਧਿਕਾਰੀਆਂ ਨੇ ਏਅਰਪੋਰਟ ‘ਤੇ ਧਾਵਾ ਬੋਲ ਦਿੱਤਾ ਅਤੇ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੂੰ ਬੰਧਕ ਬਣਾ ਲਿਆ। ਰੇਡੀਓ ਟੈਲੀ ਮੈਟਰੋਨੋਮ ਬ੍ਰਾਡਕਾਸਟਰ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਰਿਪੋਰਟਾਂ ਦੇ ਅਨੁਸਾਰ ਬੁੱਧਵਾਰ ਨੂੰ ਲਿਆਨਕੋਰਟ ‘ਚ ਪੁਲੀਸ ਹੈੱਡਕੁਆਰਟਰ ‘ਤੇ ਹਥਿਆਰਬੰਦ ਸਮੂਹਾਂ ਦੁਆਰਾ ਕੀਤੇ ਗਏ ਹਮਲੇ ‘ਚ ਛੇ ਅਧਿਕਾਰੀਆਂ ਦੀ ਮੌਤ ਲਈ ਪੁਲੀਸ ਪ੍ਰਧਾਨ ਮੰਤਰੀ ਹੈਨਰੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਪੂਰੇ ਪੋਰਟ-ਓ-ਪ੍ਰਿੰਸ ‘ਚ ਟਾਇਰ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਦੇ ਏਅਰਪੋਰਟਵੱਲ ਮਾਰਚ ਕੀਤਾ, ਜਿੱਥੇ ਹੈਨਰੀ ਅਰਜਨਟੀਨਾ ‘ਚ ਇਕ ਸੰਮੇਲਨ ‘ਚ ਸ਼ਾਮਲ ਹੋਣ ਤੋਂ ਬਾਅਦ ਪਹੁੰਚੇ ਸਨ। ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਪ੍ਰਦਰਸ਼ਨਕਾਰੀਆਂ ਤੋਂ ਬਚਣ ਲਈ ਏਅਰਪੋਰਟ ਤੋਂ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਲਿਜਾਇਆ ਗਿਆ ਸੀ ਅਤੇ ਫਿਲਹਾਲ ਉਹ ਫ਼ੌਜੀ ਗਾਰਡਾਂ ਦੀ ਸੁਰੱਖਿਆ ਹੇਠ ਏਅਰਪੋਰਟਦੇ ਇਕ ਟਰਮੀਨਲ ‘ਚ ਸ਼ਰਨ ਲੈ ਰਹੇ ਹਨ। ਪੋਰਟ-ਓ-ਪ੍ਰਿੰਸ ‘ਚ ਬਿਨਾਂ ਵਰਦੀ ਵਾਲੇ ਪੁਲੀਸ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ‘ਚ ਧਾਵਾ ਬੋਲਿਆ ਅਤੇ ਹਵਾ ‘ਚ ਗੋਲੀਆਂ ਚਲਾਈਆਂ ਅਤੇ ਸਰਕਾਰੀ ਇਮਾਰਤ ਦੇ ਨੇੜੇ ਕਈ ਕਾਰਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ। ਵਰਣਨਯੋਗ ਹੈ ਕਿ ਹੈਤੀ 2021 ‘ਚ ਤਤਕਾਲੀ ਰਾਸ਼ਟਰਪਤੀ ਜੋਵੇਨੇਲ ਮੋਇਸ ਦੀ ਹੱਤਿਆ ਤੋਂ ਬਾਅਦ ਸਮਾਜਿਕ ਅਤੇ ਰਾਜਨੀਤਿਕ ਸੰਕਟ ਨਾਲ ਜੂਝ ਰਿਹਾ ਹੈ।