ਫਿਰੋਜ਼ਪੁਰ ਵਿਖੇ ਸਵੈਟ ਟੀਮ ‘ਚ ਤਾਇਨਾਤ ਕਾਂਸਟੇਬਲ ਗੁਰਸੇਵਕ ਸਿੰਘ ਨੇ ਇਕ ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਘਟਨਾ ਦੇਰ ਰਾਤ ਛਾਉਣੀ ਸਥਿਤ ਸ਼ੇਰ ਸ਼ਾਹ ਵਾਲੀ ਚੌਂਕ ‘ਚ ਵਾਪਰੀ ਹੈ। ਜਾਣਕਾਰੀ ਮੁਤਾਬਕ ਥਾਣਾ ਛਾਉਣੀ ‘ਚ ਸੀ.ਸੀ.ਟੀ.ਐਨ.ਐਸ. ਵਿੰਗ ‘ਚ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇਰ ਰਾਤ ਆਪਣੀ ਡਿਊਟੀ ਖ਼ਤਮ ਕਰ ਕੇ ਪੁਲੀਸ ਲਾਈਨ ਸਥਿਤ ਆਪਣੇ ਪਿਤਾ ਦੇ ਸਰਕਾਰੀ ਕੁਆਟਰ ‘ਚ ਵਾਪਸ ਆ ਰਹੀ ਸੀ। ਜਦੋਂ ਉਹ ਸ਼ੇਰ ਸ਼ਾਹ ਵਾਲੀ ਚੌਂਕ ‘ਚ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਮੌਜੂਦ ਕਾਰ ਸਵਾਰ ਗੁਰਸੇਵਕ ਸਿੰਘ ਨੇ ਐਕਟਿਵਾ ‘ਤੇ ਆ ਰਹੀ ਅਮਨਦੀਪ ਕੌਰ ਨੂੰ ਜ਼ਬਰਦਸਤੀ ਰੋਕ ਲਿਆ। ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਝਗੜਾ ਹੋ ਗਿਆ ਤੇ ਗੁਰਸੇਵਕ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਅਮਨਦੀਪ ਨੂੰ ਪੰਜ ਗੋਲੀਆਂ ਮਾਰ ਦਿੱਤੀਆਂ। ਇਸ ਮਗਰੋਂ ਗੁਰਸੇਵਕ ਫਰਾਰ ਹੋ ਗਿਆ ਤੇ ਇਥੋਂ ਤੀਹ ਕਿਲੋਮੀਟਰ ਦੂਰ ਤਲਵੰਡੀ ਭਾਈ ਦੇ ਨਜ਼ਦੀਕ ਉਸਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਡੀ.ਐਸ.ਪੀ. ਸੰਦੀਪ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਦੋਹਾਂ ਦਰਮਿਆਨ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ। ਮ੍ਰਿਤਕ ਅਮਨਦੀਪ ਕੌਰ ਦੇ ਪਿਤਾ ਵੀ ਪੁਲੀਸ ਮੁਲਾਜ਼ਮ ਦੱਸੇ ਜਾਂਦੇ ਹਨ।