ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਪਣੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਨਦੀਮ ਜ਼ਹਾਵੀ ਨੂੰ ਮੰਤਰੀਆਂ ਲਈ ਚੋਣ ਜ਼ਾਬਤੇ ਦੀ ‘ਗੰਭੀਰ ਉਲੰਘਣਾ’ ਲਈ ਬਰਖਾਸਤ ਕਰ ਦਿੱਤਾ। ਜ਼ਹਾਵੀ ‘ਤੇ ਦੇਸ਼ ਦੇ ਵਿੱਤ ਮੰਤਰੀ ਦੇ ਤੌਰ ‘ਤੇ ਸੇਵਾ ਕਰਦੇ ਹੋਏ ਲੱਖਾਂ ਡਾਲਰਾਂ ਦੇ ਟੈਕਸਾਂ ਦੀ ਧੋਖਾਧੜੀ ਕਰਨ ਦਾ ਦੋਸ਼ ਸੀ। ਜ਼ਹਾਵੀ ਨੂੰ ਬਰਖਾਸਤ ਕੀਤੇ ਜਾਣ ਦੀ ਵੱਧ ਰਹੀ ਵਿਰੋਧੀ ਮੰਗਾਂ ਦੇ ਵਿਚਕਾਰ ਸੂਨਕ ਨੇ ਇਰਾਕ ‘ਚ ਜਨਮੇ ਸਾਬਕਾ ਵਿੱਤ ਮੰਤਰੀ ਦੇ ਟੈਕਸ ਮਾਮਲਿਆਂ ਦੀ ਸੁਤੰਤਰ ਜਾਂਚ ਦਾ ਆਦੇਸ਼ ਦਿੱਤਾ ਸੀ। ਜ਼ਹਾਵੀ ਨੂੰ ਲਿਖੇ ਇਕ ਪੱਤਰ ‘ਚ ਸੂਨਕ ਨੇ ਕਿਹਾ ਕਿ ਉਹ ਅਜਿਹਾ ਕਦਮ ਚੁੱਕਣ ਲਈ ਮਜਬੂਰ ਸੀ ਕਿਉਂਕਿ ਉਸਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ‘ਚ ਸਰਕਾਰ ਵਿੱਚ ‘ਇਮਾਨਦਾਰੀ, ਪੇਸ਼ੇਵਰਤਾ ਅਤੇ ਹਰ ਪੱਧਰ ‘ਤੇ ਜਵਾਬਦੇਹੀ’ ਦਾ ਵਾਅਦਾ ਕੀਤਾ ਸੀ। ਚੋਣ ਵੈਬਸਾਈਟ ਯੂਗੋਵ ਦੇ ਸੰਸਥਾਪਕ ਜ਼ਹਾਵੀ ਨੇ ਟੈਕਸ ਅਧਿਕਾਰੀਆਂ ਨਾਲ ਵਿਵਾਦ ਨੂੰ ਸਵੀਕਾਰ ਕੀਤਾ ਸੀ, ਪਰ ਦਲੀਲ ਦਿੱਤੀ ਕਿ ਉਨ੍ਹਾਂ ਦੀ ਗ਼ਲਤੀ ਲਾਪਰਵਾਹੀ ਸੀ, ਉਨ੍ਹਾਂ ਨੇ ਜਾਣਬੁੱਝ ਕੇ ਨਹੀਂ ਕੀਤੀ ਸੀ। ਬ੍ਰਿਟਿਸ਼ ਮੀਡੀਆ ਨੇ ਦੱਸਿਆ ਸੀ ਕਿ ਸਮਝੌਤਾ ਲਗਭਗ 50 ਲੱਖ ਪੌਂਡ ‘ਤੇ ਆ ਗਿਆ ਸੀ। ਜ਼ਹਾਵੀ ਨੇ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕਾਰਜਕਾਲ ਦੇ ਆਖਰੀ ਮਹੀਨਿਆਂ ‘ਚ ਜੁਲਾਈ ਤੋਂ ਸਤੰਬਰ 2022 ਤੱਕ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ ਸੀ।