ਸਰਬੀਆ ਦੇ ਮਹਾਨ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਅਨ ਓਪਨ ਦੇ ਫਾਈਨਲ ‘ਚ ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਨੂੰ ਹਰਾ ਕੇ ਆਪਣੇ ਕਰੀਅਰ ਦਾ 22ਵਾਂ ਗਰੈਂਡ ਸਲੈਮ ਖਿਤਾਬ ਜਿੱਤ ਲਿਆ। ਜੋਕੋਵਿਚ ਨੇ ਹੈਮਸਟ੍ਰਿੰਗ ਦੀ ਸੱਟ ‘ਤੇ ਪਾਰ ਪਾਉਂਦੇ ਹੋਏ ਰਾਡ ਲੈਵਰ ਏਰੀਨਾ ‘ਚ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਪੁਰਸ਼ ਸਿੰਗਲ ਮੈਚ ‘ਚ ਸਿਟਸਿਪਾਸ ਨੂੰ 6-3, 7-6 (4), 7-6 (5) ਨਾਲ ਹਰਾਇਆ। ਵਿਸ਼ਵ ਰੈਂਕਿੰਗ ‘ਚ ਸਿਖਰ ‘ਤੇ ਪਹੁੰਚਣ ਲਈ ਖੇਡ ਰਹੇ ਸਿਟਸਿਪਾਸ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਬਿਹਤਰ ਫਾਰਮ ਦਿਖਾਈ ਪਰ ਜੋਕੋਵਿਚ ਅਹਿਮ ਪਲਾਂ ‘ਤੇ ਅੰਕ ਹਾਸਲ ਕਰਨ ‘ਚ ਕਾਮਯਾਬ ਰਹੇ। ਆਖਰੀ ਪਲਾਂ ‘ਚ ਫੈਸਲਾਕੁੰਨ ਗੇਮ ‘ਚ ਜੋਕੋਵਿਚ ਦੇ 6-3 ‘ਤੇ ਤਿੰਨ ਚੈਂਪੀਅਨਸ਼ਿਪ ਪੁਆਇੰਟ ਹਾਸਲ ਕਰਨ ਦੇ ਬਾਅਦ ਸਿਟਸਿਪਾਸ ਨੇ ਦੋ ਪੁਆਇੰਟ ਆਪਣੇ ਪੱਖ ‘ਚ ਕੀਤੇ ਪਰ ਉਸਦਾ ਆਖਰੀ ਸ਼ਾਟ ਕੋਰਟ ਤੋਂ ਬਾਹਰ ਡਿੱਗਣ ਕਾਰਨ ਜੋਕੋਵਿਚ ਨੇ ਖਿਤਾਬ ਜਿੱਤ ਲਿਆ। ਜੋਕੋਵਿਚ ਨੇ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਦੇ ਮਾਮਲੇ ‘ਚ ਰਾਫੇਲ ਨਡਾਲ (22) ਦੀ ਬਰਾਬਰੀ ਕਰ ਲਈ ਹੈ। ਇਹ ਸਰਬੀਆਈ ਦਿੱਗਜ ਦਾ 10ਵਾਂ ਆਸਟਰੇਲੀਅਨ ਓਪਨ ਖਿਤਾਬ ਵੀ ਹੈ ਜਦਕਿ ਰੋਜਰ ਫੈਡਰਰ ਨੇ ਉਸ ਤੋਂ ਬਾਅਦ ਛੇ ਵਾਰ ਟੂਰਨਾਮੈਂਟ ਜਿੱਤਿਆ ਹੈ।