ਗੋਲੀਆਂ ਮਾਰ ਕੇ ਕਤਲ ਕੀਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੱਡੀ ਗਿਣਤੀ ‘ਚ ਆਏ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਇਨਸਾਫ਼ ਦੇਣ ‘ਚ ਨਾਕਾਮ ਰਹੀ ਹੈ। ਦੋਸ਼ੀਆਂ ਬਾਰੇ ਸਭ ਕੁਝ ਪਤਾ ਹੋਣ ਅਤੇ ਵਾਰ-ਵਾਰ ਉਨ੍ਹਾਂ ਵੱਲੋਂ ਨਾਂ ਦੇ ਕੇ ਮੰਗ ਕਰਨ ‘ਤੇ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਰੋਂਦੇ ਹੋਏ ਕਿਹਾ, ‘ਕਈ ਵਾਰ ਤਾਂ ਜੀਅ ਕਰਦੈ ਕਿ ਬਾਗ਼ੀ ਹੋ ਜਾਵਾਂ ਅਤੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਠੋਕ ਦਿਆਂ।’ ਉਨ੍ਹਾਂ ਕਿਹਾ ਕਿ 8 ਮਹੀਨੇ ਹੋ ਗਏ ਹਨ ਪਰ ਅਜੇ ਤਕ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਨੂੰ ਉਹ ਸਰਕਾਰ ਨੂੰ ਪੁੱਛਣਾ ਚਾਹੁੰਦੀ ਹੈ ਜਿਸ ਦੇ ਮੰਤਰੀ ਕਹਿੰਦੇ ਸਨ ਕਿ 20 ਦਿਨ ਦਿਓ, ਇਨਸਾਫ਼ ਦਿਵਾ ਦਿਆਂਗੇ ਪਰ ਕੁਝ ਨਾ ਹੋ ਸਕਿਆ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਚੁੱਪ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ, ਸਮਾਂ ਪੈਣ ‘ਤੇ ਜੋ ਕੁਝ ਹੋਇਆ, ਉਹ ਤਾਂ ਕਰਨਗੇ ਹੀ, ਹੋਰ ਕੋਈ ਕੁਝ ਕਰੇ ਜਾ ਨਾ। ਮਾਤਾ ਚਰਨ ਕੌਰ ਨੇ ਕਿਹਾ ਕਿ ਮਨ ‘ਚ ਬਹੁਤ ਬਲਵਲੇ ਉੱਠਦੇ ਹਨ ਪਰ ਫਿਰ ਚੁੱਪ ਕਰ ਜਾਂਦੇ ਹਾਂ ਕਿ ਸ਼ਾਇਦ ਇਨਸਾਫ਼ ਮਿਲ ਜਾਵੇ। ਉਨ੍ਹਾਂ ਕਿਹਾ ਕਿ ਕਈ ਲੋਕ ਗੱਲਾਂ ਕਰਦੇ ਹਨ ਕਿ ਉਹ ਸਿਆਸਤ ਲਈ ਫਿਰਦੇ ਹਨ ਪਰ ਸਿਆਸਤ ਨੇ ਪਹਿਲਾਂ ਉਨ੍ਹਾਂ ਨੂੰ ਕੀ ਦਿੱਤਾ। ਉਨ੍ਹਾਂ ਦਾ ਪੁੱਤਰ ਉਨ੍ਹਾਂ ਤੋਂ ਖੋਹ ਲਿਆ। ਜਿਸ ਦਾ ਘਰ ਉੱਜੜਦਾ ਹੈ, ਉਸ ਨੂੰ ਹੀ ਪਤਾ ਹੁੰਦਾ ਹੈ, ਅਸੀਂ ਮਜਬੂਰ ਹਾਂ। ਸਾਨੂੰ ਦੱਸੋ ਕਿਸ ਕੋਲ ਜਾਈਏ, ਅਸੀਂ ਇਨਸਾਫ਼ ਦੀ ਗੁਹਾਰ ਲਗਾ ਰਹੇ ਹਾਂ ਅਤੇ ਸਾਨੂੰ ਜਿੱਥੇ ਵੀ ਉਮੀਦ ਲੱਗਦੀ ਹੈ, ਉਥੇ ਜਾਂਦੇ ਹਾਂ ਤੇ ਜਾਵਾਂਗੇ। ਅਸੀਂ ਬੀਜੇਪੀ ਕੋਲ ਵੀ ਗਏ, ਆਮ ਆਦਮੀ ਪਾਰਟੀ ਕੋਲ ਵੀ ਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਵੀ ਗਏ। ਇਨਸਾਫ਼ ਦੀ ਗੁਹਾਰ ਅਸੀਂ ਲਗਾ ਰਹੇ ਹਾਂ ਪਰ ਅਜੇ ਸਾਡੇ ਪੱਲੇ ਕੱਖ ਨਹੀਂ ਪਿਆ।