ਗੁਜਰਾਤ ਦੇ ਗਾਂਧੀਨਗਰ ਦੀ ਇਕ ਅਦਾਲਤ ਨੇ 2013 ਦੇ ਜਬਰ ਜਨਾਹ ਦੇ ਮਾਮਲੇ ‘ਚ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅਦਾਲਤ ਨੇ ਆਸਾਰਾਮ ਬਾਪੂ ਨੂੰ ਜਬਰ ਜਨਾਹ ਮਾਮਲੇ ‘ਚ ਦੋਸ਼ੀ ਪਾਇਆ ਸੀ। ਯਾਦ ਰਹੇ ਕਿ ‘ਪਿਤਾ ਜੀ’ ਦੇ ਨਾਂ ਨਾਲ ਜਾਣਿਆ ਜਾਂਦਾ ਡੇਰਾ ਸਿਰਾ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਵੀ ਜਬਰ ਜਨਾਹ ਤੇ ਕਤਲ ਦੇ ਮਾਮਲੇ ‘ਚ ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ‘ਬਾਪੂ’ ਮਾਮਲੇ ‘ਚ ਮੰਗਲਵਾਰ ਨੂੰ ਅਦਾਲਤ ਨੇ ਇਸ ਸਜ਼ਾ ਦਾ ਐਲਾਨ ਕੀਤਾ। ਸਾਲ 2013 ‘ਚ ਆਸਾਰਾਮ ‘ਤੇ ਦੋ ਭੈਣਾਂ ਨੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਪਹਿਲਾਂ ਵਿਸ਼ੇਸ਼ ਸਰਕਾਰੀ ਵਕੀਲ ਆਰਸੀ ਕੋਡੇਕਰ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਆਸਾਰਾਮ ਨੂੰ ਉਮਰ ਕੈਦ ਅਤੇ ਭਾਰੀ ਜੁਰਮਾਨਾ ਲਗਾਇਆ ਜਾਵੇ। ਉਨ੍ਹਾਂ ਕਿਹਾ ਸੀ ਕਿ ਅਸੀਂ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇ। ਫਿਲਹਾਲ ਅਦਾਲਤ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੀੜਤਾ ਨੂੰ 50 ਹਜ਼ਾਰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਸਰਕਾਰੀ ਵਕੀਲ ਆਰਸੀ ਕੋਡੇਕਰ ਦੇ ਅਨੁਸਾਰ, ਪੀੜਤਾ ਨੇ ਸੂਰਤ ਪੁਲੀਸ ਕੋਲ ਕੇਸ ਦਰਜ ਕਰਵਾਇਆ ਸੀ ਜਿਸ ਨੂੰ 2013 ‘ਚ ਅਹਿਮਦਾਬਾਦ ਪੁਲੀਸ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਚਾਂਦਖੇੜਾ ਪੁਲੀਸ ਸਟੇਸ਼ਨ ਨੇ ਆਸਾਰਾਮ ਬਾਪੂ ਅਤੇ ਉਸਦੇ ਪੁੱਤਰ ਨਰਾਇਣ ਸਾਈਂ ਸਮੇਤ 8 ਲੋਕਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਐੱਫ.ਆਈ.ਆਰ. ਮੁਤਾਬਕ ਆਸਾਰਾਮ ਨੇ 2001 ਤੋਂ 2006 ਦਰਮਿਆਨ ਕਈ ਵਾਰ ਜਬਰ-ਜਨਾਹ ਕੀਤਾ, ਜਦੋਂ ਉਹ ਸ਼ਹਿਰ ਦੇ ਬਾਹਰੀ ਇਲਾਕੇ ‘ਚ ਸਥਿਤ ਉਸ ਦੇ ਆਸ਼ਰਮ ‘ਚ ਰਹਿੰਦੀ ਸੀ। ਸਰਕਾਰੀ ਵਕੀਲ ਆਰ.ਸੀ. ਕੋਡੇਕਰ ਨੇ ਸੋਮਵਾਰ ਨੂੰ ਕਿਹਾ, ‘ਅਦਾਲਤ ਨੇ ਇਸਤਗਾਸਾ ਦੇ ਮਾਮਲੇ ਨੂੰ ਸਵੀਕਾਰ ਕਰ ਲਿਆ ਅਤੇ ਆਸਾਰਾਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (2) (ਸੀ), 377 (ਗ਼ੈਰ-ਕੁਦਰਤੀ ਸੈਕਸ) ਅਤੇ ਗ਼ੈਰ-ਕਾਨੂੰਨੀ ਤੌਰ ‘ਤੇ ਬੰਧਕ ਬਣਾਉਣ ਨਾਲ ਜੁੜੀ ਧਾਰਾ ‘ਚ ਦੋਸ਼ੀ ਠਹਿਰਾਇਆ।’ ਵਿਵਾਦਿਤ ਬਾਬਾ ਇਸ ਸਮੇਂ ਜਬਰ ਜਨਾਹ ਦੇ ਇਕ ਹੋਰ ਮਾਮਲੇ ‘ਚ ਰਾਜਸਥਾਨ ਦੀ ਜੋਧਪੁਰ ਜੇਲ੍ਹ ‘ਚ ਬੰਦ ਹੈ। ਅਕਤੂਬਰ 2013 ‘ਚ ਸੂਰਤ ਦੀ ਇਕ ਔਰਤ ਨੇ ਆਸਾਰਾਮ ਅਤੇ 7 ਹੋਰਾਂ ‘ਤੇ ਜਬਰ ਜਨਾਹ ਅਤੇ ਨਾਜਾਇਜ਼ ਤੌਰ ‘ਤੇ ਨਜ਼ਰਬੰਦ ਰੱਖਣ ਦਾ ਦੋਸ਼ ਲਾਉਂਦਿਆਂ ਮਾਮਲਾ ਦਰਜ ਕਰਵਾਇਆ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇਕ ਮੁਲਜ਼ਮ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਜੁਲਾਈ 2014 ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।