ਇਕ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਲੰਗ ਮਜਾਰੀ ਦੇ ਪੰਜ ਨੌਜਵਾਨਾਂ ਸਮੇਤ ਕੁਲ 12 ਨੌਜਵਾਨ ਲਿਬੀਆ ‘ਚ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪੀੜਤ ਨੌਜਵਾਨਾਂ ਦੇ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ। ਪੀੜਤ ਪਰਿਵਾਰਾਂ ਨੇ ਪਿੰਡ ਮਜਾਰੀ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਦੇ ਇਕ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਦੇ ਨੌਜਵਾਨ ਪੁੱਤਾਂ ਨੂੰ ਲਿਬੀਆ ਭੇਜ ਦਿੱਤਾ ਹੈ। ਇਸ ਵੇਲੇ ਸਾਰੇ ਨੌਜਵਾਨ ਲਿਬੀਆ ‘ਚ ਬਿਨਾਂ ਰੋਟੀ-ਪਾਣੀ ਤੋਂ ਮਾੜੇ ਹਾਲਾਤ ‘ਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਉਥੇ ਨੌਜਵਾਨਾਂ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰਾਂ ਨੇ ਕਿਹਾ ਕਿ ਉਹ ਚਾਹ ਕੇ ਵੀ ਇਸ ਵੇਲੇ ਆਪਣੇ ਬੱਚਿਆਂ ਨੂੰ ਵਾਪਸ ਨਹੀਂ ਬੁਲਾ ਸਕਦੇ ਕਿਉਂਕਿ ਉਨ੍ਹਾਂ ਕਰਜ਼ੇ ਚੁੱਕ ਕੇ ਆਪਣੇ ਪੁੱਤਰਾਂ ਨੂੰ ਵਿਦੇਸ਼ ਕਮਾਈ ਕਰਨ ਲਈ ਭੇਜਿਆ ਸੀ। ਘਰ ਦੇ ਆਰਥਿਕ ਹਾਲਾਤ ਸੁਧਾਰਨ ਦਾ ਸੁਫ਼ਨਾ ਲੈ ਕੇ ਘਰੋਂ ਤੁਰੇ ਇਹ ਨੌਜਵਾਨ ਏਜੰਟ ਦੀ ਠੱਗੀ ਦੇ ਸ਼ਿਕਾਰ ਹੋ ਕੇ ਹੁਣ ਬੇਵੱਸ ਹੋ ਗਏ ਹਨ। ਇਸ ਮੌਕੇ ਨੌਜਵਾਨਾਂ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਆਪਣੀ ਹੱਡਬੀਤੀ ਸੁਣਾਈ ਅਤੇ ਸੂਬਾ ਤੇ ਕੇਂਦਰ ਸਰਕਾਰਾਂ ਤੋਂ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਬਾਮਦੇਵ ਸਮੇਤ ਪਿੰਡ ਦੇ ਮੋਹਤਬਰਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਬਾਂਹ ਫੜੀ ਜਾਵੇ ਤੇ ਉਕਤ ਦੋਸ਼ੀ ਏਜੰਟ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆ ਚੁੱਕਾ ਹੈ ਅਤੇ ਸਰਕਾਰ ਪੂਰੀ ਮੁਸਤੈਦੀ ਨਾਲ ਇਨ੍ਹਾਂ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਿੱਚੋਂ ਚਾਰ ਦੀ ਵਾਪਸੀ ਦੀ ਟਿਕਟ ਕਰਵਾ ਦਿੱਤੀ ਗਈ ਹੈ ਤੇ ਜਲਦ ਇਹ ਨੌਜਵਾਨ ਪੰਜਾਬ ਪਰਤਣਗੇ ਅਤੇ ਬਾਕੀ ਰਹਿੰਦੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਲਈ ਤੇਜੀ ਨਾਲ ਕੰਮ ਕੀਤਾ ਜਾਵੇਗਾ। ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਨ੍ਹਾਂ ਪਰਿਵਾਰਾਂ ਨਾਲ ਸੰਪਰਕ ਕਰਨ ਤੋਂ ਬਾਅਦ ਅੰਬੈਸੀ ਰਾਹੀਂ ਲਿਬੀਆ ਦੀ ਉਕਤ ਕੰਪਨੀ ਦੇ ਮਾਲਕ ਨਾਲ ਗੱਲ ਕੀਤੀ ਗਈ ਸੀ ਤੇ ਇਸ ਮਸਲੇ ਨੂੰ ਜਲਦ ਸੁਲਝਾ ਲੈਣ ਦੀ ਗੱਲ ਆਖੀ ਸੀ।