ਪੰਜਾਬ ਦੀ ਸਿਆਸਤ ‘ਚ ਵੱਡਾ ਭੂਚਾਲ ਲਿਆਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਤਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਧਾਰਮਿਕ ਮਾਮਲੇ ਹਾਲੇ ਤੱਕ ਉਸੇ ਤਰ੍ਹਾਂ ਵੱਡਾ ਮੁੱਦਾ ਬਣੇ ਹੋਏ ਹਨ ਅਤੇ ਇਨਸਾਫ਼ ਦੀ ਮੰਗ ਚੱਲ ਰਹੀ ਹੈ। ‘ਬਹਿਬਲ ਕਲਾਂ ਬੇਅਦਬੀ ਇਨਸਾਫ਼ ਮੋਰਚਾ’ ਦੇ ਕਾਰਕੁੰਨਾਂ ਨੇ ਅੱਜ ਪਿੰਡ ਬਹਿਬਲ ਕਲਾਂ ਨੇੜਿਓਂ ਗੁਜ਼ਰਦੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਕੌਮੀ ਸ਼ਾਹ ਰਾਹ ਦੇ ਦੋਵੇਂ ਪਾਸੇ ਧਰਨਾ ਲਾ ਕੇ ਸੜਕ ਨੂੰ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਨੇੜੇ ਹੀ ਸਟੇਜ ਲਾ ਲਈ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਮਾਮਲੇ ‘ਚ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਫਿਲਹਾਲ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਵਿਖਾਵਾਕਾਰੀਆਂ ਨਾਲ ਗੱਲਬਾਤ ਦੀ ਅਜੇ ਤੱਕ ਕੋਈ ਪਹਿਲ ਨਹੀਂ ਕੀਤੀ ਪਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਠੋਸ ਹੱਲ ਦੇ ਸਰਕਾਰੀ ਐਲਾਨ ਤੋਂ ਉਰ੍ਹੇ ਕੋਈ ਕੋਈ ਗੱਲ ਨਹੀਂ ਕੀਤੀ ਜਾਵੇਗੀ। ਧਰਨੇ ‘ਚ ਸੁਖਰਾਜ ਸਿੰਘ ਨਿਆਮੀਵਾਲਾ, ਰਾਮ ਸਿੰਘ ਢਪਾਲੀ, ਸੁਖਜੀਤ ਸਿੰਘ ਖੋਸਾ, ਬਾਬਾ ਬਖ਼ਸ਼ੀਸ਼ ਸਿੰਘ, ਐਡਵੋਕੇਟ ਹਰਪਾਲ ਸਿੰਘ ਖਾਰਾ, ਬਾਬਾ ਹਰਦੀਪ ਸਿੰਘ ਮਹਿਰਾਜ ਆਦਿ ਆਗੂ ਸ਼ਾਮਲ ਹਨ।
ਦੂਜੇ ਪਾਸੇ ਬਹਿਬਲ ਗੋਲੀ ਕਾਂਡ ਤੋਂ ਬਾਅਦ ਦਰਜ ਹੋਏ ਫੌਜਦਾਰੀ ਕੇਸ ਦੀ ਸੁਣਵਾਈ ਹੁਣ 29 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕੇਸ ਦੀ ਸੁਣਵਾਈ ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ‘ਚ ਹੋਣੀ ਸੀ, ਪਰ ਕੋਟਕਪੂਰਾ ਗੋਲੀ ਕਾਂਡ ਦੀ ਚਾਰਜਸ਼ੀਟ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਇਹ ਸੁਣਵਾਈ ਨਹੀਂ ਹੋ ਸਕੀ, ਜਿਸ ਮਗਰੋਂ ਅਦਾਲਤ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਕੋਟਕਪੂਰਾ ਗੋਲੀ ਕਾਂਡ ਦੀ ਚਾਰਜਸ਼ੀਟ ਜਲਦ ਅਦਾਲਤ ‘ਚ ਆਉਣ ਦੀ ਸੰਭਾਵਨਾ ਹੈ। ਸੁਣਵਾਈ ਦੌਰਾਨ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਐੱਸ.ਪੀ. ਬਿਕਰਮ ਸਿੰਘ ਤੇ ਬਾਕੀ ਮੁਲਜ਼ਮ ਅਦਾਲਤ ‘ਚ ਪੇਸ਼ ਨਹੀਂ ਹੋਏ ਤੇ ਅਦਾਲਤ ਨੇ ਉਨ੍ਹਾਂ ਦੀ ਇਸ ਪੇਸ਼ੀ ਲਈ ਹਾਜ਼ਰੀ ਮੁਆਫ਼ ਕਰ ਦਿੱਤੀ। ਬਹਿਬਲ ਗੋਲੀ ਕਾਂਡ ‘ਚ ਨਾਮਜ਼ਦ ਹੋਏ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੇਂਦਰੀ ਐਡਮਨਿਸਟਰੇਟਿਵ ਟ੍ਰਿਬਿਊਨਲ ਨੇ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਪਰਮਰਾਜ ਸਿੰਘ ਉਮਰਾਨੰਗਲ ਖ਼ਿਲਾਫ਼ ਤਿੰਨ ਅਪਰਾਧਕ ਮਾਮਲੇ ਦਰਜ ਹਨ ਤੇ ਜੇਕਰ ਉਨ੍ਹਾਂ ਨੂੰ ਨੌਕਰੀ ‘ਤੇ ਬਹਾਲ ਕੀਤਾ ਜਾਂਦਾ ਹੈ ਤਾਂ ਉਹ ਪੜਤਾਲ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਬਹਿਬਲ ਕਲਾਂ ਨੇੜੇ ਧਰਨਾ ਲਾ ਕੇ ਹਾਈਵੇ ਜਾਮ, ਅਦਾਲਤ ‘ਚ ਸੁਣਵਾਈ 29 ਅਪ੍ਰੈਲ ਤੱਕ ਟਲੀ
Related Posts
Add A Comment