ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਦੀ ਆਬਕਾਰੀ ਨੀਤੀ ‘ਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਪੰਜਾਬ ਦੇ ਕਾਰੋਬਾਰੀ ਅਤੇ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਦੇ ਓਏਸਿਸ ਗਰੁੱਪ ਨਾਲ ਜੁੜੇ ਮਲਹੋਤਰਾ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਹਿਰਾਸਤ ‘ਚ ਲਿਆ ਗਿਆ ਹੈ। ਉਸ ਨੂੰ ਦਿੱਲੀ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਜਿੱਥੇ ਈ.ਡੀ. ਉਸ ਦੀ ਹਿਰਾਸਤ ਦੀ ਮੰਗ ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਮਲਹੋਤਰਾ ਪੰਜਾਬ ਅਤੇ ਕੁਝ ਹੋਰ ਖੇਤਰਾਂ ‘ਚ ਸ਼ਰਾਬ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਦਿੱਲੀ ਆਬਕਾਰੀ ਨੀਤੀ 2021-22 ਦੀ ਚੱਲ ਰਹੀ ਜਾਂਚ ਦੇ ਸਿਲਸਿਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਪੁੱਤ ਅਤੇ ਪੰਜਾਬ ਦੇ ਵਪਾਰੀ ਗੌਤਮ ਮਲਹੋਤਰਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਈ.ਡੀ. ਦੇ ਅਧਿਕਾਰੀਆਂ ਨੇ ਮਾਮਲੇ ‘ਚ ਪੁੱਛਗਿੱਛ ਤੋਂ ਬਾਅਦ ਵਪਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਵਪਾਰੀ ‘ਤੇ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਕਾਰਟਲਾਈਜੇਸ਼ਨ ਦਾ ਦੋਸ਼ ਹੈ। ਪਿਛਲੇ ਦੋ ਦਿਨਾਂ ‘ਚ ਇਸ ਮਾਮਲੇ ‘ਚ ਇਹ ਦੂਜੀ ਗ੍ਰਿਫ਼ਤਾਰੀ ਹੈ। ਮੰਗਲਵਾਰ ਨੂੰ ਕੇਂਦਰੀ ਜਾਂਚ ਬਿਊਰੋ ਨੇ ਹੈਦਰਾਬਾਦ ਦੇ ਇਕ ਚਾਰਟਰਡ ਅਕਾਊਂਟੈਂਟ ਨੂੰ ਵੀ ਗ੍ਰਿਫ਼ਤਾਰ ਕੀਤਾ, ਜਿਸ ਨੂੰ ਬੀ.ਆਰ.ਐੱਸ. ਐੱਮ.ਐੱਲ.ਸੀ. ਦੇ ਕਵਿਤਾ ਦਾ ਆਡਿਟਰ ਸਮਝਿਆ ਜਾਂਦਾ ਹੈ। ਯਾਦ ਰਹੇ ਕਿ ਇਸੇ ਦੀਪ ਮਲਹੋਤਰਾ ਦੀ ਜ਼ੀਰਾ ਦੇ ਮਨਸੂਰਵਾਲਾ ‘ਚ ਸ਼ਰਾਬ ਫੈਕਟਰੀ ਦਾ ਵੱਡਾ ਵਿਵਾਦ ਵੀ ਪਿਛਲੇ ਦਿਨੀਂ ‘ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਲੰਬੇ ਚੱਲੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਜਿਸ ਸਬੰਧੀ ਨੋਟੀਫਿਕੇਸ਼ਨ ਹਾਲੇ ਤੱਕ ਜਾਰੀ ਨਹੀਂ ਹੋਇਆ ਹੈ।