ਰੂਸ ਦੇ ਦੱਖਣੀ-ਮੱਧ ਸ਼ਹਿਰ ਨੋਵੋਸਿਬਿਰਸਕ ‘ਚ ਇਕ ਅਪਾਰਟਮੈਂਟ ਬਿਲਡਿੰਗ ‘ਚ ਇਕ ਗੈਸ ਧਮਾਕੇ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ‘ਚ ਦੋ ਸਾਲ ਦੇ ਬੱਚੇ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਖੇਤਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਖੇਤਰੀ ਗਵਰਨਰ ਆਂਦਰੇ ਟ੍ਰੈਵਨੀਕੋਵ ਨੇ ਕਿਹਾ ਕਿ ਨੌਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿਨ੍ਹਾਂ ‘ਚੋਂ ਦੋ ਆਈ.ਸੀ.ਯੂ. ‘ਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਬੱਚਿਆਂ ਸਮੇਤ 10 ਲੋਕ, ਜੋ ਸਵੇਰੇ 7:43 ‘ਤੇ ਧਮਾਕਾ ਹੋਣ ਵੇਲੇ ਅੰਦਰ ਸਨ, ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਧਮਾਕੇ ਕਾਰਨ ਪੰਜ ਮੰਜ਼ਿਲਾ ਇਮਾਰਤ ਦੇ ਦੋ ਪ੍ਰਵੇਸ਼ ਦੁਆਰ ਢਹਿ ਗਏ ਅਤੇ ਅੱਗ ਲੱਗਣ ਕਾਰਨ 30 ਅਪਾਰਟਮੈਂਟ ਤਬਾਹ ਹੋ ਗਏ। ਘਟਨਾ ‘ਤੇ ਇਕ ਅਪਰਾਧਿਕ ਸਥਲ ਸਥਾਪਤ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗੈਸ ਲੀਕ ਹੋਣ ਕਾਰਨ ਹਾਦਸਾ ਵਾਪਰਿਆ। ਖੇਤਰ ਦੇ ਆਵਾਸ ਅਤੇ ਜਨਤਕ ਉਪਯੋਗਤਾ ਮੰਤਰਾਲੇ ਨੇ ਕਿਹਾ ਕਿ ਇਮਾਰਤ ਦੀ ਗੈਸ ਪ੍ਰਣਾਲੀ ਦੀ ਸਤੰਬਰ 2022 ‘ਚ ਜਾਂਚ ਕੀਤੀ ਗਈ ਸੀ। ਨੋਵੋਸਿਬਿਰਸਕ ਸਾਇਬੇਰੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਰੂਸ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।