ਬੰਦੀ ਸਿੰਘਾਂ ਦੀ ਸੂਚੀ ‘ਚ ਸ਼ਾਮਲ ਗੁਰਦੀਪ ਸਿੰਘ ਖੈੜਾ ਨੂੰ ਅੰਮ੍ਰਿਤਸਰ ਜੇਲ੍ਹ ਤੋਂ 7 ਹਫਤਿਆਂ ਵਾਸਤੇ ਪੈਰੋਲ ਛੁੱਟੀ ਮਿਲੀ ਹੈ। ਇਸ ਦੀ ਪੁਸ਼ਟੀ ਕਰਦਿਆਂ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਪੀ.ਜੀ.ਆਈ. ‘ਚ ਜ਼ੇਰੇ ਇਲਾਜ ਵੀ ਰਹੇ ਹਨ। ਇਲਾਜ ਮਗਰੋਂ ਉਹ ਮੁੜ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਆ ਗਏ ਸਨ। ਦਿੱਲੀ ‘ਚ ਸਜ਼ਾ ਪੂਰੀ ਹੋਣ ਮਗਰੋਂ ਕਰਨਾਟਕ ਸਰਕਾਰ ਨੇ ਗੁਰਦੀਪ ਸਿੰਘ ਨੂੰ ਆਪਣੇ ਸੂਬੇ ‘ਚ ਤਬਦੀਲ ਕਰ ਲਿਆ ਸੀ। 2015 ‘ਚ ਉਨ੍ਹਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਤਬਦੀਲ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਮੁਹਾਲੀ ਵਿਖੇ ਇਕ ਪੱਕਾ ਮੋਰਚਾ ਵੀ ਲਾਇਆ ਗਿਆ ਹੈ। ਜੇਲ੍ਹ ਤੋਂ ਬਾਹਰ ਆਉਣ ‘ਤੇ ਗੁਰਦੀਪ ਸਿੰਘ ਖੈੜਾ ਨੇ ਨੌਜਵਾਨਾਂ ਨੂੰ ਵੱਡੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਹ ਗਰਮ ਬਿਆਨਾਂ ਦੇਣ ਵਾਲਿਆਂ ਪਿੱਛੇ ਲੱਗ ਕੇ ਆਪਣਾ ਭਵਿੱਖ ਖ਼ਰਾਬ ਨਾ ਕਰਨ। ਨੌਜਵਾਨ ਪੜ੍ਹ ਲਿਖ ਕੇ ਉੱਚ ਅਹੁਦਿਆਂ ‘ਤੇ ਪਹੁੰਚਣ ਅਤੇ ਸਿੱਖ ਕੌਮ ਦੀ ਸੇਵਾ ‘ਚ ਇਸ ਤਰੀਕੇ ਨਾਲ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਿੱਖਾਂ ਨੇ ਵੱਡਾ ਨੁਕਸਾਨ ਕਰਵਾਇਆ ਹੈ, ਇਸ ਲਈ ਗਰਮ ਨਾਅਰਿਆਂ ‘ਚ ਕੁਝ ਨਹੀਂ ਪਿਆ।