ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਸਿੰਘ ਅੰਗੁਰਾਲ ਨੂੰ ਆਪਣੇ ਜਨਮ ਦਿਨ ਮੌਕੇ ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ ਕਾਰਕੁਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਲਤੀਫ਼ਪੁਰਾ ਪੀੜਤ ਲੋਕ ਪੁਲੀਸ ਦੀਆਂ ਰੋਕਾਂ ਨੂੰ ਤੋੜਦੇ ਹੋਏ ਵਿਧਾਇਕ ਦੇ ਘਰ ਅੱਗੇ ਪਹੁੰਚ ਗਏ ਅਤੇ ਚਾਰ ਘੰਟੇ ਤੱਕ ਉਥੇ ਘਿਰਾਓ ਕਰੀ ਰੱਖਿਆ। ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਨਗਰ ਸੁਧਾਰ ਟਰੱਸਟ ਵਿਰੁੱਧ ਨਾਅਰੇਬਾਜ਼ੀ ਕੀਤੀ। ਮੋਰਚੇ ਦੇ ਆਗੂਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ 14 ਫਰਵਰੀ ਤੋਂ ਲਗਾਤਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਮੋਰਚੇ ਨੇ 21 ਫਰਵਰੀ ਨੂੰ ‘ਆਪ’ ਦੇ ਹਲਕਾ ਇੰਚਾਰਜ ਸਾਬਕਾ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਘਰ ਨੂੰ ਘੇਰਨ ਦਾ ਐਲਾਨ ਵੀ ਕੀਤਾ। ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ ਆਗੂ ਤੇ ਪੀੜਤ ਮੁਜ਼ਾਹਰਾ ਕਰਦੇ ਹੋਏ ਜਦੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਘਰ ਵੱਲ ਵਧੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੀੜਤਾਂ ਨੇ ਬਸਤੀ ਦਾਨਿਸ਼ਮੰਦਾਂ ‘ਚ ਦਾਖਲ ਹੋਣ ਸਾਰ ਹੀ ਪੁਲੀਸ ਵੱਲੋਂ ਲਗਾਈਆਂ ਰੋਕਾਂ ਨੂੰ ਉਖਾੜ ਦਿੱਤਾ। ਪੀੜਤਾਂ ਨੇ ਵਿਧਾਇਕ ਦੇ ਘਰ ਅੱਗੇ ਚਾਰ ਘੰਟੇ ਤੱਕ ਧਰਨਾ ਦਿੱਤਾ। ਧਰਨੇ ਦੀ ਸਮਾਪਤੀ ਮਗਰੋਂ ਮੁੱਖ ਮੰਤਰੀ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਪੁਤਲੇ ਫੂਕੇ ਗਏ। ਲਤੀਫ਼ਪੁਰਾ ਦੇ ਟੁੱਟੇ ਘਰਾਂ ਦੀ ਮਿੱਟੀ ਦੀ ਮਠਿਆਈ ਦਾ ਡੱਬਾ ਵਿਧਾਇਕ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਤੋਹਫ਼ੇ ਵਜੋਂ ਭੇਜਿਆ ਗਿਆ। ਇਸ ਤੋਂ ਪਹਿਲਾਂ ਧਰਨਾਕਾਰੀ ਲਤੀਫ਼ਪੁਰਾ ਮੋਰਚਾ ਸਥਾਨ ‘ਤੇ ਇਕੱਠੇ ਹੋਏ, ਜਿੱਥੋਂ ਪੈਦਲ, ਮੋਟਰਸਾਈਕਲਾਂ, ਸਕਟੂਰਾਂ, ਟਰੈਕਟਰਾਂ ‘ਤੇ ਸਵਾਰ ਹੋ ਕੇ ਵਿਧਾਇਕ ਦੇ ਘਰ ਨੇੜੇ ਧਰਨਾ ਸਥਾਨ ਉੱਤੇ ਪੁੱਜੇ। ਆਗੂਆਂ ਨੇ ਕਿਹਾ ਕਿ ਲਤੀਫ਼ਪੁਰਾ ਦੇ ਲੋਕਾਂ ਦੇ ਘਰਾਂ ਉੱਪਰ ਬੁਲਡੋਜ਼ਰ ਚਲਾ ਕੇ ਉਨ੍ਹਾਂ ਦਾ ਸਭ ਕੁਝ ਤਬਾਹ ਕਰ ਦਿੱਤਾ ਗਿਆ ਹੈ, ਉਨ੍ਹਾਂ ਦੇ ਕੰਮ ਧੰਦੇ ਵੀ ਖੋਹ ਲਏ ਗਏ ਹਨ। ਇਸ ਹਾਲਾਤ ‘ਚ ਲਤੀਫ਼ਪੁਰਾ ਦੇ ਉਜਾੜੇ ਘਰਾਂ ਦੀ ਮਿੱਟੀ ਹੀ ਉਹ ਵਿਧਾਇਕ ਨੂੰ ਤੋਹਫ਼ੇ ਵਜੋਂ ਦੇ ਸਕਦੇ ਸਨ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਵਿਧਾਇਕ ਦੇ ਜੱਦੀ ਘਰ ਦਾ ਉਸ ਦੇ ਪਰਿਵਾਰ ਕੋਲ ਵੀ ਕੋਈ ਮਾਲਕੀ ਸਬੂਤ ਨਹੀਂ ਹੈ। ਇਸ ਮੌਕੇ ਮੋਰਚੇ ਦੇ ਆਗੂ ਸੰਤੋਖ਼ ਸਿੰਘ ਸੰਧੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਸ਼ਮੀਰ ਸਿੰਘ ਘੁੱਗਸ਼ੋਰ, ਡਾ. ਗੁਰਦੀਪ ਸਿੰਘ ਭੰਡਾਲ, ਕਸ਼ਮੀਰ ਸਿੰਘ ਜੰਡਿਆਲਾ ਆਦਿ ਨੇ ਸੰਬੋਧਨ ਕੀਤਾ। ਧਰਨਾਕਾਰੀ ਹੁਣ 21 ਫਰਵਰੀ ਨੂੰ ਸੁਰਿੰਦਰ ਸਿੰਘ ਸੋਢੀ ਦੇ ਘਰ ਦਾ ਘਿਰਾਓ ਕਰਨਗੇ ਅਤੇ ਰਾਹਤ ਨਾ ਮਿਲਣ ‘ਤੇ ਸੰਘਰਸ਼ ਹੋਰ ਤੇਜ਼ ਕਰਨਗੇ।