ਨਿਊਜ਼ੀਲੈਂਡ ਨੇ ਚੱਕਰਵਾਤ ਗੈਬਰੀਏਲ ਕਾਰਨ ਆਏ ਹੜ੍ਹ, ਜ਼ਮੀਨ ਖਿਸਕਣ ਅਤੇ ਸਮੁੰਦਰ ‘ਚ ਪਾਣੀ ਦਾ ਪੱਧਰ ਵਧਣ ਕਾਰਨ ਨੈਸ਼ਨਲ ਐਮਰਜੈਂਸੀ ਦਾ ਐਲਾਨ ਕੀਤਾ ਹੈ। ਦੇਸ਼ ਦੇ ਇਤਿਹਾਸ ‘ਚ ਇਹ ਤੀਜੀ ਵਾਰ ਹੈ ਜਦੋਂ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਤੂਫਾਨ ਕਾਰਨ ਲੋਕ ਆਪਣੇ ਘਰ ਖਾਲੀ ਕਰ ਕੇ ਛੱਤਾਂ ‘ਤੇ ਸ਼ਰਨ ਲੈਣ ਲਈ ਮਜਬੂਰ ਹੋ ਰਹੇ ਹਨ। ਅੰਦਾਜ਼ੇ ਮੁਤਾਬਿਕ ਕਰੀਬ 2 ਲੱਖ 25 ਹਜ਼ਾਰ ਲੋਕਾਂ ਦੀ ਬਿਜਲੀ ਸਪਲਾਈ ‘ਚ ਵਿਘਨ ਪਿਆ ਹੈ। ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ ਨੇ ਕਿਹਾ ਕਿ ਇਹ ਨਿਊਜ਼ੀਲੈਂਡ ਦੇ ਲੋਕਾਂ ਲਈ ਮੁਸ਼ਕਲ ਰਾਤ ਰਹੀ ਹੈ, ਖ਼ਾਸ ਕਰਕੇ ਉੱਤਰ ਦੇ ਉੱਪਰਲੇ ਖੇਤਰਾਂ ਲਈ। ਕਈ ਪਰਿਵਾਰਾਂ ਨੂੰ ਆਪਣੇ ਟਿਕਾਣੇ ਛੱਡਣੇ ਪਏ ਹਨ। ਕਈ ਘਰਾਂ ‘ਚ ਬਿਜਲੀ ਨਹੀਂ ਹੈ। ਦੇਸ਼ ਭਰ ‘ਚ ਵਿਆਪਕ ਨੁਕਸਾਨ ਹੋਇਆ ਹੈ। ਸਥਾਨਕ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਚੱਕਰਵਾਤ ਗੈਬਰੀਅਲ ਦੇਸ਼ ਦੇ ਉੱਤਰੀ ਟਾਪੂ ਦੇ ਤੱਟ ਦੇ ਨੇੜੇ ਆਕਲੈਂਡ ਤੋਂ ਲਗਭਗ 160 ਕਿਲੋਮੀਟਰ ਦੀ ਦੂਰੀ ‘ਤੇ ਸੀ। ਇਸ ਦੇ ਉੱਤਰ-ਪੂਰਬ ਵੱਲ ਵਧਣ ਦੀ ਉਮੀਦ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਤੱਟਵਰਤੀ ਖੇਤਰ ਦੇ ਸਮਾਨਾਂਤਰ ਵਧੇਗਾ। ਨਿਊਜ਼ੀਲੈਂਡ ਦੇ ਇਤਿਹਾਸ ‘ਚ ਇਹ ਤੀਜੀ ਵਾਰ ਹੈ ਜਦੋਂ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2019 ‘ਚ ਕ੍ਰਾਈਸਟਚਰਚ ਅੱਤਵਾਦੀ ਹਮਲੇ ਤੇ 2020 ‘ਚ ਕਰੋਨਾ ਮਹਾਮਾਰੀ ਦੌਰਾਨ ਦੋ ਵਾਰ ਐਮਰਜੈਂਸੀ ਲਗਾਈ ਗਈ ਸੀ। ਚੱਕਰਵਾਤ ‘ਗੈਬ੍ਰੀਅਲ’ ਕਾਰਨ ਨਿਊਜ਼ੀਲੈਂਡ ਦੇ ਉੱਤਰੀ ਟਾਪੂ ‘ਚ ਭਾਰੀ ਹੜ੍ਹ ਅਤੇ ਜ਼ਮੀਨ ਖਿਸਕ ਗਈ ਹੈ। ਨਾਲ ਹੀ ਸਮੁੰਦਰੀ ਲਹਿਰਾਂ ਵੀ ਉੱਠ ਰਹੀਆਂ ਹਨ। ਨਿਊਜ਼ੀਲੈਂਡ ‘ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ 40,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਅਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਰਪਾ ਕਰਕੇ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਲਓ। ਅਸੀਂ ਖਰਾਬ ਮੌਸਮ ਆਉਣ ਦੀ ਉਮੀਦ ਕਰਦੇ ਹਾਂ। ਇਸ ਲਈ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਤਿਆਰ ਹੋ। ਆਕਲੈਂਡ ਅਤੇ ਆਸ-ਪਾਸ ਦੇ ਇਲਾਕਿਆਂ ‘ਚ 140 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ।