ਸਾਊਥ ਅਫਰੀਕਾ ਦੇ ਲਿਮਪੋਪੋ ਸੂਬੇ ‘ਚ ਇਕ ਕੈਸ਼ ਇਨ ਟਰਾਂਜ਼ਿਟ ਟਰੱਕ ਦੇ ਕੰਟਰੋਲ ਗੁਆਉਣ ਅਤੇ ਇਕ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਜਾਣ ਕਾਰਨ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵਧੇਰੇ ਜ਼ਖ਼ਮੀ ਹੋ ਗਏ। ਟਰਾਂਸਪੋਰਟ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਲਿਮਪੋਪੋ ਪ੍ਰੋਵਿੰਸ਼ੀਅਲ ਡਿਪਾਰਟਮੈਂਟ ਆਫ ਟਰਾਂਸਪੋਰਟ ਅਤੇ ਕਮਿਊਨਿਟੀ ਸੇਫਟੀ ਨੇ ਇਕ ਬਿਆਨ ‘ਚ ਦੱਸਿਆ ਕਿ ‘ਇਹ ਹਾਦਸਾ ਸ਼ਾਮ ਕਰੀਬ 5 ਵਜੇ ਵੇਂਬੇ ਜ਼ਿਲੇ ‘ਚ ਮੁਸੀਨਾ ਵੱਲ ਜਾਣ ਵਾਲੀ ਸੜਕ ਐੱਨ1-29 ਮਾਸ਼ੋਵੇਲਾ ‘ਤੇ ਵਾਪਰਿਆ। ਵਿਭਾਗ ਨੇ ਅੱਗੇ ਦੱਸਿਆ ਕਿ 10 ਯਾਤਰੀਆਂ ਨੂੰ ਗੰਭੀਰ ਸੱਟਾਂ, 16 ਨੂੰ ਦਰਮਿਆਨੀ ਅਤੇ 35 ਨੂੰ ਮਾਮੂਲੀ ਸੱਟਾਂ ਲੱਗਣ ਦੀ ਸੂਚਨਾ ਹੈ। ਜ਼ਖਮੀ ਯਾਤਰੀਆਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲਾਂ ‘ਚ ਲਿਜਾਇਆ ਗਿਆ। ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਭਾਗ ਦੇ ਅਨੁਸਾਰ ਪੁਲੀਸ ਗੋਤਾਖੋਰੀ ਟੀਮ ਨੇੜਲੀ ਨਦੀ ‘ਚ ਉਨ੍ਹਾਂ ਲੋਕਾਂ ਦੀ ਭਾਲ ਕਰਨ ਲਈ ਸਰਗਰਮ ਹੋ ਗਈ ਹੈ ਜੋ ਸ਼ਾਇਦ ਵਹਿ ਗਏ ਹੋਣ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਸੜਕ ਹੁਣ ਆਵਾਜਾਈ ਲਈ ਖੁੱਲ੍ਹੀ ਹੈ ਅਤੇ ਵਾਹਨ ਚਾਲਕਾਂ ਨੂੰ ਸਾਵਧਾਨੀ ਨਾਲ ਅੱਗੇ ਵਧਣ ਦੀ ਸਲਾਹ ਦਿੱਤੀ ਜਾਂਦੀ ਹੈ।