ਇੰਡੀਆ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਕੈਨੇਡਾ ‘ਚ ਰਹਿੰਦੇ ਅਤੇ ਅੱਤਵਾਦੀ ਐਲਾਨੇ ਲਖਬੀਰ ਸਿੰਘ ਲੰਡਾ ਨੂੰ ਫੜਨ ਲਈ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲਖਬੀਰ ਸਿੰਘ ਸੰਧੂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਉਹ ਕੈਨੇਡਾ ‘ਚ ਲੁਕਿਆ ਹੋਇਆ ਹੈ। ਏਜੰਸੀ ਨੇ ਕਿਹਾ ਹੈ ਕਿ ਲਖਬੀਰ ਸਿੰਘ ਲੰਡਾ ਦਾ ਸੁਰਾਗ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਐੱਨ.ਆਈ.ਏ. ਨੇ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ ਲੰਡਾ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 15 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਏਜੰਸੀ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਲਖਬੀਰ ਉਰਫ਼ ਲੰਡਾ 2022 ‘ਚ ਮੁਹਾਲੀ ‘ਚ ਪੰਜਾਬ ਪੁਲੀਸ ਦੇ ਖੁਫੀਆ ਹੈੱਡਕੁਆਰਟਰ ‘ਤੇ ਗ੍ਰਨੇਡ ਹਮਲੇ ਨਾਲ ਸਬੰਧਤ ਇਕ ਕੇਸ ‘ਚ ਐੱਨ.ਆਈ.ਏ. ਨੂੰ ਲੋੜੀਂਦਾ ਹੈ। ਐੱਨ.ਆਈ.ਏ. ਨੇ ਇਹ ਕੇਸ 2022 ‘ਚ ਦਰਜ ਕੀਤਾ ਸੀ ਜਦੋਂ ਇਹ ਸਾਹਮਣੇ ਆਇਆ ਸੀ ਕਿ ਵਿਦੇਸ਼ਾਂ ‘ਚ ਸਥਿਤ ਅੱਤਵਾਦੀ ਸੰਗਠਨ ਅਤੇ ਅੱਤਵਾਦੀ ਤੱਤ ਦੇਸ਼ ਦੇ ਉੱਤਰੀ ਸੂਬਿਆਂ ‘ਚ ਸੰਚਾਲਿਤ ਸੰਗਠਿਤ ਅਪਰਾਧਿਕ ਗਿਰੋਹਾਂ ਦੇ ਆਗੂਆਂ ਅਤੇ ਮੈਂਬਰਾਂ ਨਾਲ ਮਿਲ ਕੇ ਕਤਲ ਅਤੇ ਹਿੰਸਕ ਅਪਰਾਧਿਕ ਕਾਰਵਾਈਆਂ ਕਰਨ ਲਈ ਕੰਮ ਕਰ ਰਹੇ ਸਨ।