ਹਾਲ ਹੀ ‘ਚ ਇਕ ਟੀ.ਵੀ. ਚੈਨਲ ਦੇ ਸਟਿੰਗ ਆਪ੍ਰੇਸ਼ਨ ‘ਚ ਫਸਣ ਤੋਂ ਬਾਅਦ ਬੀ.ਸੀ.ਸੀ.ਆਈ. ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਬੀ.ਸੀ.ਸੀ.ਆਈ. ਜਨਰਲ ਸਕੱਤਰ ਜੈ ਸ਼ਾਹ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਟੀ-20 ਵਰਲਡ ਕੱਪ ‘ਚ ਇੰਡੀਆ ਦੀ ਹਾਰ ਤੋਂ ਬਾਅਦ ਚੇਤਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਹਾਲਾਂਕਿ ਉਨ੍ਹਾਂ ਨੂੰ ਬਾਅਦ ‘ਚ ਬਹਾਲ ਕਰ ਦਿੱਤਾ ਗਿਆ ਸੀ। ਚੇਤਨ ਨੇ ਮੰਗਲਵਾਰ ਨੂੰ ਇਕ ਚੈਨਲ ‘ਤੇ ਸਟਿੰਗ ਆਪ੍ਰੇਸ਼ਨ ‘ਚ ਸਾਬਕਾ ਕਪਤਾਨ ਵਿਰਾਟ ਕੋਹਲੀ ‘ਤੇ ਕਈ ਦੋਸ਼ ਲਾਏ। ਇਸ ਸਟਿੰਗ ਦੇ ਸਾਹਮਣੇ ਆਉਣ ਤੋਂ ਬਾਅਦ ਬੀ.ਸੀ.ਸੀ.ਆਈ. ਵੀ ਹਰਕਤ ‘ਚ ਆ ਗਿਆ ਹੈ ਕਿਉਂਕਿ ਰਾਸ਼ਟਰੀ ਚੋਣਕਾਰ ਕਰਾਰ ਨਾਲ ਬੱਝੇ ਹਨ ਤੇ ਉਹ ਮੀਡੀਆ ‘ਚ ਗੱਲ ਨਹੀਂ ਕਰ ਸਕਦੇ ਹਨ। ਬੀ.ਸੀ.ਸੀ.ਆਈ. ਸੂਤਰਾਂ ਨੇ ਦੱਸਿਆ ਕਿ ਚੇਤਨ ਦਾ ਭਵਿੱਖ ਹੁਣ ਕੀ ਹੋਵੇਗਾ ਇਸ ‘ਤੇ ਬੋਰਡ ਸਕੱਤਰ ਜੈ ਸ਼ਾਹ ਫ਼ੈਸਲਾ ਲੈਣਗੇ। ਚੇਤਨ ਨੇ ਸਟਿੰਗ ‘ਚ ਰਾਹੁਲ ਦ੍ਰਾਵਿੜ ਤੇ ਵਿਰਾਟ ਦੇ ਨਾਲ ਗੱਲਬਾਤ ਦਾ ਕਥਿਤ ਤੌਰ ‘ਤੇ ਖ਼ੁਲਾਸਾ ਕੀਤਾ। ਸ਼ਰਮਾ ਨੇ ਦੋਸ਼ ਲਾਇਆ ਕਿ ਖਿਡਾਰੀ ਖ਼ੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲੈਂਦੇ ਹਨ। ਜਸਪ੍ਰੀਤ ਬੁਮਰਾਹ ਦੀ ਟੀਮ ‘ਚ ਵਾਪਸੀ ਨੂੰ ਲੈ ਕੇ ਉਨ੍ਹਾਂ ਦੇ ਤੇ ਟੀਮ ਮੈਨੇਜਮੈਂਟ ਵਿਚਾਲੇ ਮਤਭੇਦ ਹੋਏ। ਚੇਤਨ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਸਾਬਕਾ ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਤੇ ਵਿਰਾਟ ਵਿਚਾਲੇ ਹੰਕਾਰ ਦੀ ਲੜਾਈ ਹੈ।