ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੇ ਸੰਘਰਸ਼ ਦੀ ਵਿਧੀਵਤ ਹਮਾਇਤ ‘ਤੇ ਉੱਤਰ ਆਏ ਹਨ। ਉਨ੍ਹਾਂ ਇਸ ਸਬੰਧੀ ਦਸਤਖ਼ਤ ਮੁਹਿੰਮ ਦੇ ਦੂਜੇ ਪੜਾਅ ਦੀ ਆਰੰਭਤਾ ਮੌਕੇ ਪਿੰਡ ਬਾਦਲ ਵਿਖੇ ਸ਼੍ਰੋਮਣੀ ਕਮੇਟੀ ਦੇ ਫ਼ਾਰਮ ‘ਤੇ ਦਸਤਖ਼ਤ ਕਰਕੇ ਕੇਂਦਰ ਅਤੇ ਸੂਬਿਆਂ ਦੀਆਂ ਸਰਕਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਕੀਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੀ ਦਸਤਖ਼ਤ ਮੁਹਿੰਮ ‘ਚ ਹਿੱਸਾ ਲਿਆ। ਉਨ੍ਹਾਂ ਪਿੰਡ ਬਾਦਲ ਦੇ ਗੁਰੂਘਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਫ਼ਾਰਮ ‘ਤੇ ਦਸਤਖ਼ਤ ਕਰਕੇ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਪੰਥ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਜੇਲ੍ਹਾਂ ‘ਚੋਂ ਰਿਹਾਅ ਕਰਨ ਲਈ ਅਪੀਲ ਕੀਤੀ। ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰ ਅਤੇ ਅਹੁਦੇਦਾਰ ਸਾਹਿਬਾਨਾਂ ਨੂੰ ਇਸ ਮੁਹਿੰਮ ਨੂੰ ਘਰ-ਘਰ ਪਹੁੰਚਾ ਕੇ ਆਉਂਦੀ ਵਿਸਾਖੀ ਤੱਕ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਵੀ ਜਿੰਮੇਵਾਰੀਆਂ ਸੌਂਪੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਨੇਕਾ ਸਿੰਘ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਸਾਲਾਂ ਤੋਂ ਜੇਲ੍ਹਾ ‘ਚ ਬਿਨਾਂ ਕਿਸੇ ਦੋਸ਼ ਦੇ ਬੰਦ ਹਨ। ਉਨ੍ਹਾਂ ਕੇਂਦਰ ਸਰਕਾਰ ‘ਤੇ ਸਿੱਖਾਂ ਨਾਲ ਸ਼ੁਰੂ ਤੋਂ ਪੱਖਪਾਤ ਰੱਖਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਜਿਹੇ ਕਾਰਨ ਹੀ ਘੱਟ-ਗਿਣਤੀਆਂ ਨੂੰ ਬੇਗਾਨੇ ਹੋਣ ਦਾ ਅਹਿਸਾਸ ਕਰਵਾਉਂਦੇ ਹਨ।