ਇੰਡੀਆ ਤੇ ਆਸਟਰੇਲੀਆ ਦਰਮਿਆਨ ਖੇਡੀ ਜਾ ਰਹੀ 4 ਮੈਚਾਂ ਦੀ ਬਾਰਡਰ ਗਾਵਸਕਰ ਟੈਸਟ ਸੀਰੀਜ਼ ਦੇ ਦੂਜੇ ਮੈਚ ਨੂੰ ਇੰਡੀਆ ਨੇ 6 ਵਿਕਟਾਂ ਨਾਲ ਜਿੱਤ ਲਿਆ। ਮੈਚ ਦੇ ਤੀਜੇ ਦਿਨ ਆਸਟਰੇਲੀਆ ਤੋਂ ਮਿਲੇ 115 ਦੌੜਾਂ ਦਾ ਟੀਚੇ ਨੂੰ ਇੰਡੀਆ ਨੇ 4 ਵਿਕਟਾਂ ਦੇ ਨੁਕਸਾਨ ‘ਤੇ 118 ਦੌੜਾਂ ਬਣਾ ਕੇ ਹਾਸਲ ਕਰ ਲਿਆ। ਕੇ.ਐੱਲ. ਰਾਹੁਲ 1 ਦੌੜ, ਰੋਹਿਤ ਸ਼ਰਮਾ 31 ਦੌੜਾਂ, ਵਿਰਾਟ ਕੋਹਲੀ 20 ਦੌੜਾਂ ਤੇ ਸ਼੍ਰੇਅਸ ਅਈਅਰ 12 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਅਜੇਤੂ 31 ਦੌੜਾਂ ਤੇ ਸ਼੍ਰੀਕਰ ਭਾਰਤ ਨੇ ਅਜੇਤੂ 23 ਦੌੜਾਂ ਬਣਾ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਮੈਚ ਦੀ ਸ਼ੁਰੂਆਤ ‘ਚ ਆਸਟਰੇਲੀਆ ਨੇ ਆਲਆਊਟ ਹੋ ਕੇ 263 ਦੌੜਾਂ ਬਣਾਈਆਂ। ਆਸਟਰੇਲੀਆ ਵਲੋਂ ਖਵਾਜਾ ਨੇ 81 ਤੇ ਪੀਟਰ ਹੈਂਡਸਕਾਂਬ ਨੇ 72 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸ਼ੰਮੀ ਨੇ 4, ਅਸ਼ਵਿਨ ਤੇ ਜਡੇਜਾ ਨੇ 3-3 ਵਿਕਟਾਂ ਝਟਕਾਈਆਂ ਸਨ। ਇਸ ਦੇ ਜਵਾਬ ‘ਚ ਇੰਡੀਆ ਨੇ ਆਪਣੀ ਪਹਿਲੀ ਪਾਰੀ ‘ਚ ਸਾਰੀਆਂ ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ। ਸਿੱਟੇ ਵਜੋਂ ਆਸਟਰੇਲੀਆ ਨੇ ਇਕ ਦੌੜ ਦੀ ਬੜ੍ਹਤ ਬਣਾ ਲਈ ਸੀ। ਇੰਡੀਆ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਰੋਹਿਤ ਸ਼ਰਮਾ 32 ਦੌੜਾਂ, ਰਾਹੁਲ 17 ਦੌੜਾਂ, ਚੇਤੇਸ਼ਵਰ ਪੁਜਾਰਾ 0 ਦੌੜ ਤੇ ਸ਼੍ਰੇਅਸ ਅਈਅਰ 4 ਦੌੜਾਂ, ਰਵਿੰਦਰ ਜਡੇਜਾ 26 ਦੌੜਾਂ ਤੇ ਵਿਰਾਟ ਕੋਹਲੀ 44 ਦੌੜਾਂ ਬਣਾ ਆਊਟ ਹੋਏ। ਸਿੱਟੇ ਵਜੋਂ ਭਾਰਤੀ ਪਾਰੀ ਬੁਰੀ ਤਰ੍ਹਾਂ ਡਾਵਾਂਡੋਲ ਸੀ ਪਰ ਇਸ ਤੋਂ ਬਾਅਦ ਅਕਸ਼ਰ ਪਟੇਲ ਤੇ ਰਵੀਚੰਦਰਨ ਨੇ ਪਾਰੀ ਨੂੰ ਸੰਭਾਲਿਆ। ਅਕਸ਼ਰ ਪਟੇਲ ਸ਼ਾਨਦਾਰ 74 ਦੌੜਾਂ ਦੀ ਪਾਰੀ ਖੇਡ ਆਊਟ ਹੋਏ। ਅਕਸ਼ਰ ਦਾ ਚੰਗੀ ਤਰ੍ਹਾਂ ਸਾਥ ਨਿਭਾਉਂਦੇ ਹੋਏ ਅਸ਼ਵਿਨ ਨੇ ਵੀ 37 ਦੌੜਾਂ ਦੀ ਪਾਰੀ ਖੇਡੀ। ਸਿੱਟੇ ਵਜੋਂ ਪਾਰੀ ਦੀ ਸਮਾਪਤੀ ‘ਤੇ ਇੰਡੀਆ 262 ਦੌੜਾਂ ਬਣਾਉਣ ‘ਚ ਸਫਲ ਰਿਹਾ। ਆਸਟਰੇਲੀਆ ਵਲੋਂ ਪੈਟ ਕਮਿੰਸ ਨੇ 1, ਮੈਥਿਊ ਕੁਹਨੇਮਨ ਨੇ 2, ਨਾਥਨ ਲਿਓਨ ਨੇ 5 ਤੇ ਟੋਡ ਮਰਫੀ ਨੇ 2 ਵਿਕਟਾਂ ਲਈਆਂ ਸਨ। ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਆਸਟਰੇਲੀਆ ਦੀ ਦੂਜੀ ਪਾਰੀ 113 ਦੌੜਾਂ ‘ਤੇ ਸਿਮਟ ਗਈ ਜਿਸ ਨਾਲ ਇੰਡੀਆ ਨੂੰ ਜਿੱਤ ਲਈ 115 ਦੌੜਾਂ ਦਾ ਟੀਚਾ ਮਿਲਿਆ। ਜਡੇਜਾ ਨੇ 12.1 ਓਵਰਾਂ ‘ਚ 42 ਦੌੜਾਂ ਦੇ ਕੇ 7 ਵਿਕਟਾਂ ਝਟਕਾਈਆਂ ਜਦਕਿ ਅਸ਼ਵਿਨ ਨੇ 16 ਓਵਰਾਂ ‘ਚ 59 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਆਸਟਰੇਲੀਆ ਦੀ ਦੂਜੀ ਪਾਰੀ ‘ਚ ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਲਾਬੁਸ਼ਾਨੇ ਨੇ 35 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋ ਬੱਲੇਬਾਜ਼ਾਂ ਤੋਂ ਇਲਾਵਾ ਆਸਟਰੇਲੀਆ ਦਾ ਕੋਈ ਹੋਰ ਬੱਲੇਬਾਜ਼ ਦੌੜਾਂ ਦੇ ਅੰਕੜੇ ਨੂੰ ਦਹਾਈ ਤਕ ਵੀ ਨਹੀਂ ਲੈ ਜਾ ਸਕਿਆ। ਸਿੱਟੇ ਵਜੋਂ ਆਸਟਰੇਲੀਆ ਦੀ ਟੀਮ 113 ਦੌੜਾਂ ‘ਤੇ ਆਲਆਊਟ ਹੋ ਗਈ। ਇਸ ਤਰ੍ਹਾਂ ਇੰਡੀਆ ਨੂੰ ਜਿੱਤ ਲਈ 115 ਦੌੜਾਂ ਦਾ ਟੀਚਾ ਮਿਲਿਆ। ਆਸਟਰੇਲੀਆ ਦੀ ਦੂਜੀ ਪਾਰੀ ‘ਚ ਇੰਡੀਆ ਵੱਲੋਂ ਰਵਿੰਦਰ ਜਡੇਜਾ ਨੇ 7 ਤੇ ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਝਟਕਾਈਆਂ ਸਨ।