ਭਾਰਤੀ ਜਨਤਾ ਪਾਰਟੀ ਦਿੱਲੀ ਮੇਅਰ ਦੀ ਚੋਣ ਨੂੰ ਲੈ ਕੇ ਚੱਲ ਰਹੀ ਜ਼ਬਰਦਸਤ ਖਿੱਚੋਤਾਣ ਅਤੇ ਤਿੰਨ ਵਾਰ ਚੋਣ ਮੁਲਤਵੀ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਅਖੀਰ ਆਮ ਆਦਮੀ ਪਾਰਟੀ ਮੇਅਰ ਬਣਾਉਣ ‘ਚ ਸਫਲ ਰਹੀ। ‘ਆਪ’ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਭਾਜਪਾ ਦੀ ਉਮੀਦਵਾਰ ਰੇਖਾ ਗੁਪਤਾ ਨੂੰ ਹਰਾ ਦਿੱਤਾ ਅਤੇ ਉਹ ਦਿੱਲੀ ਦੀ ਮੇਅਰ ਚੁਣੀ ਗਈ ਹੈ। ਉਸ ਨੇ ਰੇਖਾ ਗੁਪਤਾ ਨੂੰ 34 ਵੋਟਾਂ ਨਾਲ ਮਾਤ ਦਿੱਤੀ। ਵੇਰਵਿਆਂ ਅਨੁਸਾਰ ਸ਼ੈਲੀ ਓਬਰਾਏ ਨੂੰ 150 ਵੋਟਾਂ ਪਈਆਂ ਜਦੋਂ ਕਿ ਰੇਖਾ ਗੁਪਤਾ ਨੂੰ 116 ਵੋਟਾਂ ਨਾਲ ਸਬਰ ਕਰਨਾ ਪਿਆ। ਵੋਟਾਂ ਦੀ ਕੁੱਲ ਗਿਣਤੀ 266 ਸੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਆਲੇ ਮੁਹੰਮਦ ਇਕਬਾਲ ਦਿੱਲੀ ਦੇ ਡਿਪਟੀ ਮੇਅਰ ਚੁਣੇ ਗਏ ਹਨ। ਦਿੱਲੀ ਦੇ ਮੇਅਰ ਦੀ ਚੋਣ ਲਈ ਅੱਜ ਨਗਰ ਨਿਗਮ ਦੀ ਹਾਊਸ ਮੀਟਿੰਗ ਸ਼ੁਰੂ ਹੋਈ ਸੀ। ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਤੇ ਮੀਨਾਕਸ਼ੀ ਲੇਖੀ ਉਨ੍ਹਾਂ ਅਹਿਮ ਸ਼ਖ਼ਸੀਅਤਾਂ ‘ਚ ਸ਼ਾਮਲ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵੋਟਾਂ ਪਾਈਆਂ। ਇਸੇ ਦੌਰਾਨ ਕੌਂਸਲਰ ਤੇ ਭਾਜਪਾ ਵੱਲੋਂ ਮੇਅਰ ਦੇ ਅਹੁਦੇ ਲਈ ਉਮੀਦਵਾਰ ਰੇਖਾ ਗੁਪਤਾ, ‘ਆਪ’ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਤੇ ਡਿਪਟੀ ਮੇਅਰ ਦੇ ਅਹੁਦੇ ਦੇ ਉਮੀਦਵਾਰ ਮੁਹੰਮਦ ਇਕਬਾਲ, ਉੱਤਰੀ ਦਿੱਲੀ ਦੇ ਸਾਬਕਾ ਮੇਅਰ ਰਾਜਾ ਇਕਬਾਲ ਸਿੰਘ ਤੇ ‘ਆਪ’ ਆਗੂ ਮੁਕੇਸ਼ ਗੋਇਲ ਸਣੇ ਹੋਰਨਾਂ ਕੌਂਸਲਰਾਂ ਨੇ ਵੀ ਵੋਟਾਂ ਪਾਈਆਂ।