ਸਾਲ 2024 ‘ਚ ਹੋਣ ਵਾਲੀਆਂ ਅਮਰੀਕਨ ਰਾਸ਼ਟਰਪਤੀ ਚੋਣਾਂ ਲਈ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੁਣ ਤੱਕ ਭਾਰਤੀ ਮੂਲ ਦੇ ਦੋ ਲੋਕ ਅਮਰੀਕਨ ਰਾਸ਼ਟਰਪਤੀ ਲਈ ਨਾਮਜ਼ਦਗੀ ਦੀ ਦੌੜ ‘ਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਵੀ 2024 ‘ਚ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਸ ਨੇ ਆਪਣੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਵਿਵੇਕ ਰਾਮਾਸਵਾਮੀ ਇਕ ਕਰੋੜਪਤੀ ਕਾਰੋਬਾਰੀ ਹਨ ਅਤੇ ਅਮਰੀਕਾ ਦੇ ਆਇਓਵਾ ਰਾਜ ‘ਚ ਉਹ ਆਪਣੀ ਉਮੀਦਵਾਰੀ ਦੇ ਪ੍ਰਚਾਰ ਲਈ ਕਈ ਸਮਾਗਮਾਂ ਦਾ ਆਯੋਜਨ ਕਰ ਰਹੇ ਹਨ। ਰਾਮਾਸਵਾਮੀ ਦਾ ਕਹਿਣਾ ਹੈ ਕਿ ਉਹ ਵਿਚਾਰ ਆਧਾਰਤ ਮੁਹਿੰਮ ਸ਼ੁਰੂ ਕਰਨ ‘ਤੇ ਧਿਆਨ ਦੇ ਰਹੇ ਹਨ। ਯਾਦ ਰਹੇ ਕਿ ਵਿਵੇਕ ਰਾਮਾਸਵਾਮੀ ਦੇ ਪਿਤਾ ਇਕ ਜਨਰਲ ਇਲੈਕਟ੍ਰਿਕ ਇੰਜੀਨੀਅਰ ਸਨ ਅਤੇ ਇੰਡੀਆ ਦੇ ਕੇਰਲ ਤੋਂ ਅਮਰੀਕਾ ‘ਚ ਸੈਟਲ ਹੋਏ ਸਨ। ਰਾਮਾਸਵਾਮੀ ਦੀ ਮਾਂ ਮਨੋਵਿਗਿਆਨੀ ਸੀ। ਰਾਮਾਸਵਾਮੀ ਦਾ ਜਨਮ ਅਮਰੀਕਾ ਦੇ ਸਿਨਸਿਨਾਟੀ ‘ਚ ਹੋਇਆ ਸੀ। ਹਾਰਵਰਡ ਅਤੇ ਯੇਲ ਯੂਨੀਵਰਸਿਟੀ ਤੋਂ ਪੜ੍ਹੇ ਵਿਵੇਕ ਰਾਮਾਸਵਾਮੀ ਦੀ ਜਾਇਦਾਦ 50 ਕਰੋੜ ਡਾਲਰ ਦੇ ਕਰੀਬ ਹੈ। ਵਿਵੇਕ ਰਾਮਾਸਵਾਮੀ ਇੱਕ ਬਾਇਓਟੈਕ ਕੰਪਨੀ ਦੇ ਮਾਲਕ ਹਨ।