ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੇ ਘਰ ਅਤੇ ਉਨ੍ਹਾਂ ਦੇ ਵਪਾਰਕ ਅਦਾਰਿਆਂ ‘ਤੇ ਸੀ.ਬੀ.ਆਈ. ਦੇ ਅਧਿਕਾਰੀਆਂ ਵੱਲੋਂ ਛਾਪੇ ਮਾਰੇ ਗਏ। ਸੀ.ਬੀ.ਆਈ. ਟੀਮਾਂ ਨੇ ਕਿਸਾਨ ਆਗੂ ਦੇ ਸਮਰਾਲਾ ਸਥਿਤ ਪੈਟਰੋਲ ਪੰਪ ਸਮੇਤ ਮੁਹਾਲੀ ਦੀ ਇਕ ਰਿਹਾਇਸ਼ ‘ਚ ਛਾਪਾ ਮਾਰਿਆ ਗਿਆ ਅਤੇ ਕਈ ਕਾਗਜ਼ਾਤ ਆਪਣੇ ਕਬਜ਼ੇ ‘ਚ ਲਏ ਹਨ। ਸੀ.ਬੀ.ਆਈ. ਵੱਲੋਂ ਲੱਖੋਵਾਲ ਦੇ ਪੁੱਤਰ ਅਤੇ ਕਿਸਾਨ ਜਥੇਬੰਦੀ ਦੇ ਪੰਜਾਬ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੀ ਮੁਹਾਲੀ ਰਿਹਾਇਸ਼ ਤੋਂ ਕੁਝ ਬੈਂਕਾਂ ਦੀਆਂ ਪਾਸਬੁੱਕਾਂ, ਚੈੱਕ ਅਤੇ ਕਈ ਹੋਰ ਕਾਗਜ਼ਾਤ ਆਪਣੇ ਕਬਜ਼ੇ ‘ਚ ਲਏ ਗਏ ਹਨ। ਇਸ ਕਾਰਵਾਈ ਦੇ ਪਿੱਛੇ ਸੀ.ਬੀ.ਆਈ. ਦਾ ਕੀ ਮਕਸਦ ਸੀ, ਇਹ ਗੱਲ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਕੇਂਦਰੀ ਏਜੰਸੀ ਦੇ 6-7 ਅਧਿਕਾਰੀਆਂ ‘ਤੇ ਅਧਾਰਿਤ ਟੀਮ ਉਨ੍ਹਾਂ ਦੇ ਸਮਰਾਲਾ ‘ਚ ਪੈਟਰੋਲ ਪੰਪ ‘ਤੇ ਪਹੁੰਚੀ ਅਤੇ ਉਥੇ ਕੰਮ ਕਰ ਰਹੇ ਪੰਪ ਦੇ ਮੁਲਾਜ਼ਮਾਂ ਨੂੰ ਬਿਨਾਂ ਆਪਣੀ ਕੋਈ ਪਛਾਣ ਦੱਸਿਆਂ ਪੈਟਰੋਲ ਪੰਪ ਦੇ ਦਫ਼ਤਰ ‘ਚ ਪਏ ਕਾਗਜ਼ਾਤਾਂ ਦੀ ਫਰੋਲਾ-ਫਰਾਲੀ ਕੀਤੀ। ਇਸ ਦੇ ਨਾਲ ਹੀ ਇਕ ਟੀਮ ਉਨ੍ਹਾਂ ਦੇ ਜੱਦੀ ਪਿੰਡ ਲੱਖੋਵਾਲ ‘ਚ ਪਹੁੰਚੀ ਅਤੇ ਜਿਸ ਵਿੱਚੋਂ ਅੱਧੇ ਟੀਮ ਮੈਂਬਰ ਉਨਾਂ ਦੇ ਪੁੱਤਰ ਅਤੇ ਜਥੇਬੰਦੀ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੀ ਮੁਹਾਲੀ ਸਥਿਤ ਰਿਹਾਇਸ਼ ‘ਤੇ ਪਹੁੰਚ ਗਏ। ਇਸ ਦੌਰਾਨ ਹਰਿੰਦਰ ਸਿੰਘ ਲੱਖੋਵਾਲ ਭਾਵੇਂ ਆਪ ਖੁਦ ਹਾਜ਼ਰ ਨਹੀਂ ਸਨ ਪਰ ਸੀ.ਬੀ.ਆਈ. ਦੀ ਟੀਮ ਨੇ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚਦੇ ਸਾਰ ਹੀ ਘਰ ‘ਚ ਹਾਜ਼ਰ ਔਰਤਾਂ ਤੋਂ ਉਨ੍ਹਾਂ ਦੇ ਸਾਰੇ ਮੋਬਾਈਲ ਫੋਨ ਆਪਣੇ ਕਬਜ਼ੇ ‘ਚ ਲੈ ਲਏ। ਕਰੀਬ 10 ਘੰਟੇ ਲਗਾਤਾਰ ਸੀ.ਬੀ.ਆਈ. ਟੀਮ ਜਾਂਚ ਕਰਦੀ ਰਹੀ। ਓਧਰ ਦੂਜੇ ਪਾਸੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਸੀ.ਬੀ.ਆਈ. ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਵਿਰੋਧ ਕਰਦਿਆ ਇਸ ਨੂੰ ਕੇਂਦਰ ਸਰਕਾਰ ਦੀ ਉਨ੍ਹਾਂ ਨੂੰ ਡਰਾਉਣ ਅਤੇ ਚੁੱਪ ਕਰਵਾਉਣ ਦੀ ਘਟੀਆ ਕਾਰਵਾਈ ਕਰਾਰ ਦਿੰਦਿਆ ਕਿਹਾ ਕਿ ਉਨਾਂ ਦੀ ਜਥੇਬੰਦੀ ਕਿਸੇ ਵੀ ਕਾਰਵਾਈ ਅੱਗੇ ਝੁਕੇਗੀ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸਾਨ ਜਥੇਬੰਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ‘ਚ ਚੱਲ ਰਹੇ ਪੱਕੇ ਮੋਰਚੇ ਦੀ ਪੂਰੀ ਤਰ੍ਹਾਂ ਹਮਾਇਤ ਕਰ ਰਹੀ ਹੈ ਅਤੇ ਵੱਡੇ ਜੱਥੇ ਲੈ ਕੇ ਮੋਰਚੇ ‘ਚ ਸ਼ਮੂਲੀਅਤ ਕਰਨ ਤੋਂ ਖਫ਼ਾ ਹੋ ਕੇ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਘਰ ਅਤੇ ਕਾਰੋਬਾਰ ‘ਤੇ ਸੀ.ਬੀ.ਆਈ. ਦੀ ਰੇਡ ਕਰਵਾਈ ਹੈ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਇਸ ਤਰ੍ਹਾਂ ਦੀ ਕਾਰਵਾਈ ਤੋਂ ਡਰਨ ਵਾਲੇ ਨਹੀਂ, ਉਹ ਆਪਣੀ ਰਹਿੰਦੀ ਜ਼ਿੰਦਗੀ ਤੱਕ ਕਿਸਾਨਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਦੇ ਰਹਿਣਗੇ ਜਿਸ ਲਈ ਚਾਹੇ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ।