ਬਰਲਿੰਗਟਨ (ਕੈਨੇਡਾ) ‘ਚ ਲਗਭਗ 52 ਸਾਲ ਪਹਿਲਾਂ ਵਰਮੋਂਟ ਸਕੂਲ ਦੀ 24 ਸਾਲਾ ਅਧਿਆਪਕਾ ਦੀ ਲਾਸ਼ ਦੇ ਨੇੜਿਓਂ ਉਸ ਦੇ ਅਪਾਰਟਮੈਂਟ ‘ਚੋਂ ਬਰਾਮਦ ਹੋਏ ਸਿਗਰਟ ਦੇ ਇਕ ਟੁਕੜੇ ਨੇ ਜਾਂਚਕਰਤਾਵਾਂ ਨੂੰ ਗੁਆਂਢ ‘ਚ ਰਹਿੰਦੇ ਉਸ ਦੇ ਕਾਤਲ ਤੱਕ ਪਹੁੰਚਾਉਣ ‘ਚ ਮਦਦ ਕੀਤੀ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਨੇ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਅਧਿਆਪਕਾ ਦਾ ਗਲਾ ਘੁੱਟ ਦਿੱਤਾ ਸੀ। ਬਰਲਿੰਗਟਨ ਪੁਲੀਸ ਵੱਲੋਂ ਬਰਾਮਦ ਕੀਤੇ ਗਏ ਸਿਗਰਟ ਦੇ ਟੁਕੜੇ ਦੇ ਡੀ.ਐੱਨ.ਏ. ਟੈਸਟ ਤੋਂ ਮਿਲੇ ਸਬੂਤਾਂ ਦੇ ਆਧਾਰ ‘ਤੇ ਅਧਿਕਾਰੀ ਉਸ ਕਾਤਲ ਤੱਕ ਪਹੁੰਚੇ ਜਿਸ ਦੇ ਬਾਰੇ ‘ਚ ਜਾਂਚਕਰਤਾਵਾਂ ਦਾਅਵਾ ਹੈ ਕਿ 1971 ‘ਚ ਜੁਲਾਈ ਮਹੀਨੇ ਦੀ ਇਕ ਰਾਤ ਨੂੰ 70 ਮਿੰਟਾਂ ਦੀ ਮਿਆਦ ਦੌਰਾਨ ਰੀਟਾ ਕੁਰਨ ਨਾਮਕ ਅਧਿਆਪਕਾ ਦਾ ਕਤਲ ਕੀਤਾ ਗਿਆ ਸੀ। ਸ਼ੱਕੀ, ਜਿਸ ਦੀ ਪਛਾਣ ਵਿਲੀਅਮ ਡੀਰੂਸ ਵਜੋਂ ਹੋਈ ਹੈ, ਨੇ ਉਸ ਰਾਤ ਆਪਣੇ ਅਪਾਰਟਮੈਂਟ ਨੂੰ ‘ਕੂਲ ਡਾਊਨ ਵਾਕ’ ਲਈ ਛੱਡਿਆ ਸੀ। ਉਸ ਸਮੇਂ ਉਹ 31 ਸਾਲ ਦਾ ਸੀ। ਸੈਰ ਤੋਂ ਵਾਪਸ ਆਉਣ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਚਿਤਾਵਨੀ ਦਿੱਤੀ ਕਿ ਉਹ ਦੋ ਹਫ਼ਤਿਆਂ ਤੱਕ ਕਿਸੇ ਨੂੰ ਨਾ ਦੱਸੇ ਕਿ ਉਹ ਉਸ ਰਾਤ ਬਾਹਰ ਗਿਆ ਸੀ। ਕੁਰਨ ਦੀ ਮੌਤ ਤੋਂ ਬਾਅਦ ਡੀਰੂਸ ਥਾਈਲੈਂਡ ਚਲਾ ਗਿਆ ਅਤੇ ਇਕ ਭਿਕਸ਼ੂ ਬਣ ਗਿਆ, ਪਰ ਬਾਅਦ ‘ਚ ਉਹ ਫਿਰ ਅਮਰੀਕਾ ਪਰਤ ਆਇਆ। ਪੁਲੀਸ ਨੇ ਕਿਹਾ ਕਿ 1986 ‘ਚ ਸਾਨ ਫਰਾਂਸਿਸਕੋ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਡੀਰੂਸ ਦੀ ਮੌਤ ਹੋਈ ਸੀ। ਪੁਲੀਸ ਦਾ ਕਹਿਣਾ ਹੈ ਕਿ ਮਰਨ ਤੋਂ ਪਹਿਲਾਂ ਕੁਰਨ ਨੇ ਜ਼ਬਰਦਸਤ ਵਿਰੋਧ ਕੀਤਾ ਪਰ ਉਸ ਦਾ ਗਲਾ ਘੁੱਟ ਦਿੱਤਾ ਗਿਆ। ਇਸ ਕਤਲ ਨੇ ਬਰਲਿੰਗਟਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਮਾਮਲੇ ‘ਚ ਇਕੋ ਇਕ ਮਹੱਤਵਪੂਰਨ ਸਬੂਤ ਇਕ ਸਿਗਰੇਟ ਦਾ ਟੁੱਕੜਾ ਸੀ, ਜੋ ਕੁਰਨ ਦੇ ਸਰੀਰ ਦੇ ਨੇੜੇ ਮਿਲਿਆ ਸੀ।