ਯੂਰੋਪ ਸਮੇਤ ਅਮਰੀਕਾ, ਕੈਨੇਡਾ ਆਦਿ ਮੁਲਕਾਂ ‘ਚ ਪ੍ਰਵਾਸ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਇਸ ਦੌਰਾਨ ਕਈ ਹਾਦਸੇ ਵਾਪਰੇ ਹਨ ਜਿਸ ‘ਚ ਸੈਂਕੜੇ ਜਾਨਾਂ ਜਾਂਦੀਆਂ ਰਹੀਆਂ ਹਨ। ਅਜਿਹੀ ਹੀ ਇਕ ਤਾਜ਼ਾ ਘਟਨਾ ‘ਚ 59 ਲੋਕਾਂ ਦੀ ਮੌਤ ਹੋਈ ਹੈ ਜੋ ਪ੍ਰਵਾਸੀ ਸਨ। ਇਹ ਘਟਨਾ ਇਟਲੀ ਦੇ ਦੱਖਣੀ ਤੱਟ ਨੇੜੇ ਇਕ ਕਿਸ਼ਤੀ ਦੇ ਚਟਾਨਾਂ ਨਾਲ ਟਕਰਾਉਣ ਕਾਰਨ ਵਾਪਰੀ। ਹਾਦਸੇ ‘ਚ 81 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ। ਇਟਲੀ ਤੱਟ ਰੱਖਿਅਕਾਂ ਅਤੇ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸਰਕਾਰੀ ਰੇਡੀਓ ਦੀ ਖ਼ਬਰ ‘ਚ ਮ੍ਰਿਤਕਾਂ ਦੀ ਗਿਣਤੀ 30 ਦੱਸੀ ਗਈ ਸੀ। ਇਟਲੀ ਦੀ ਖ਼ਬਰ ਏਜੰਸੀ ਏ.ਜੀ.ਆਈ. ਨੇ ਦੱਸਿਆ ਕਿ ਮ੍ਰਿਤਕਾਂ ‘ਚ ਕੁਝ ਕੁ ਮਹੀਨਿਆਂ ਦੀ ਇਕ ਬੱਚੀ ਵੀ ਸ਼ਾਮਲ ਹੈ। ਇਟਲੀ ਦੇ ਕੈਲੇਬਰੀਆ ਪ੍ਰਾਇਦੀਪ ਦੇ ਤੱਟੀ ਸ਼ਹਿਰ ਕਰੋਟੋਨ ਨੇੜੇ ਬੰਦਰਗਾਹ ਅਧਿਕਾਰੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਹੈ ਕਿ ਸਵੇਰ ਸਮੇਂ ਜਦੋਂ ਲੋਨੀਅਲ ਸਮੁੰਦਰ ‘ਚ ਕਿਸ਼ਤੀ ਹਾਦਸਾਗ੍ਰਸਤ ਹੋਈ ਉਸ ਸਮੇਂ ਕਿਸ਼ਤੀ ‘ਚ 100 ਤੋਂ ਵੱਧ ਲੋਕ ਸਵਾਰ ਸਨ। ਐਂਡਕਰੋਨੋਸ ਨੇ ਦੱਸਿਆ ਕਿ ਕਿਸ਼ਤੀ ‘ਚ ਸਵਾਰ ਲੋਕ ਇਰਾਨ, ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਆਏ ਸਨ ਜਦਕਿ ਇਕ ਹੋਰ ਰਿਪੋਰਟ ਮੁਤਾਬਕ ਇਰਾਕ ਅਤੇ ਸੀਰੀਆ ਤੋਂ ਪ੍ਰਵਾਸੀ ਵੀ ਇਸ ‘ਚ ਸ਼ਾਮਲ ਸਨ। ਬਚਾਅ ਕਾਰਜਾਂ ‘ਚ ਲੱਗੇ ਫਾਇਰਬ੍ਰਿਗੇਡ ਕਰਮਚਾਰੀਆਂ ਦੇ ਤਰਜਮਾਨ ਲੂਕਾ ਕਾਰੀ ਨੇ ਦੱਸਿਆ ਕਿ ਹੁਣ ਤੱਕ 81 ਵਿਅਕਤੀ ਜਿਊਂਦੇ ਮਿਲੇ ਹਨ, ਜਿਹੜੇ ਕਿ ਕਿਸ਼ਤੀ ਟੁੱਟਣ ਮਗਰੋਂ ਕਿਸੇ ਤਰ੍ਹਾਂ ਬਚਣ ‘ਚ ਸਫਲ ਹੋ ਗਏ ਸਨ। ਤੱਟ ਰੱਖਿਅਕ ਨੇ ਦੱਸਿਆ, ‘ਕਿਸ਼ਤੀ ‘ਚ ਲਗਪਗ 120 ਜਣੇ ਸਵਾਰ ਸਨ ਅਤੇ ਉਹ ਕਿਨਾਰੇ ਤੋਂ ਚੱਲਣ ਮਗਰੋਂ ਥੋੜ੍ਹੀ ਦੂਰ ਹੀ ਚਟਾਨ ਨਾਲ ਟਕਰਾ ਗਈ।’ ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਤੱਟ ਰੱਖਿਅਕਾਂ ਦੀਆਂ ਕਿਸ਼ਤੀਆਂ, ਬਾਰਡਰ ਪੁਲੀਸ ਅਤੇ ਫਾਇਰ ਬ੍ਰਿਗੇਡ ਅਮਲਾ ਬਚਾਅ ਕਾਰਜਾਂ ‘ਚ ਲੱਗਿਆ ਹੋਇਆ ਹੈ ਜਿਨ੍ਹਾਂ ਨੇ ਤੀਹ ਤੋਂ ਵਧੇਰੇ ਲਾਸ਼ਾਂ ਬਰਾਮਦ ਕਰ ਲਈਆਂ ਹਨ।