ਕੈਨੇਡਾ ਅਤੇ ਆਸਟਰੇਲੀਆ ਵਿਚਲੇ ਹਿੰਦੂ ਮੰਦਰਾਂ ‘ਚ ਭੰਨਤੋੜ ਅਤੇ ਖਾਲਿਸਤਾਨੀ ਨਾਅਰੇ ਲਿਖਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਇਕ ਵਾਰ ਫਿਰ ਆਸਟਰੇਲੀਆ ਦੇ ਬ੍ਰਿਸਬੇਨ ‘ਚ ਹਿੰਦੂ ਮੰਦਰ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰਾਂ ‘ਚ ਖਾਲਿਸਤਾਨੀ ਸਮੱਰਥਕਾਂ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹੋਏ ਕਿਹਾ ਗਿਆ ਹੈ ਕਿ ਹਿੰਦੂ ਨਾਰਾਇਣ ਮੰਦਰ ‘ਚ ਭੰਨਤੋੜ ਕੀਤੀ ਗਈ। ਇਸ ਤੋਂ ਇਲਾਵਾ ਮੰਦਰ ਦੀ ਕੰਧ ‘ਤੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਵੀ ਇਤਰਾਜ਼ਯੋਗ ਸ਼ਬਦ ਲਿਖੇ ਗਏ। ਮੰਦਰ ਦੇ ਪ੍ਰਧਾਨ ਸਤਿੰਦਰ ਸ਼ੁਕਲਾ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਅਤੇ ਸ਼ਰਧਾਲੂਆਂ ਨੇ ਅੱਜ ਸਵੇਰੇ ਫ਼ੋਨ ਕੀਤਾ ਅਤੇ ਮੰਦਰ ਦੀ ਚਾਰਦੀਵਾਰੀ ‘ਤੇ ਭੰਨਤੋੜ ਬਾਰੇ ਸੂਚਿਤ ਕੀਤਾ। ਸਾਰਾਹ ਗੇਟਸ, ਜੋ ਹਿੰਦੂ ਮਨੁੱਖੀ ਅਧਿਕਾਰਾਂ ਦੀ ਡਾਇਰੈਕਟਰ ਹੈ, ਨੇ ਦੱਸਿਆ ਕਿ ‘ਇਹ ਤਾਜ਼ਾ ਨਫ਼ਰਤੀ ਅਪਰਾਧ ਸਿੱਖਸ ਫਾਰ ਜਸਟਿਸ ਦਾ ਵਿਸ਼ਵ ਪੱਧਰ ‘ਤੇ ਇੱਕ ਨਮੂਨਾ ਹੈ, ਜੋ ਸਪੱਸ਼ਟ ਤੌਰ ‘ਤੇ ਆਸਟਰੇਲੀਅਨ ਹਿੰਦੂਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਨਵਰੀ ‘ਚ ਆਸਟਰੇਲੀਆ ਦੇ ਕੈਰਮ ਡਾਊਨਜ਼ ‘ਚ ਸ਼੍ਰੀ ਸ਼ਿਵ ਵਿਸ਼ਨੂੰ ਮੰਦਰ ‘ਚ ਭੰਨਤੋੜ ਕੀਤੀ ਗਈ ਸੀ। 15 ਜਨਵਰੀ 2023 ਦੀ ਸ਼ਾਮ ਨੂੰ ਖਾਲਿਸਤਾਨ ਸਮਰਥਕਾਂ ਨੇ ਮੈਲਬੌਰਨ ‘ਚ ਇਕ ਕਾਰ ਰੈਲੀ ਰਾਹੀਂ ਆਪਣੇ ਜਨਮਤ ਸੰਗ੍ਰਹਿ ਲਈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਪਰੋਕਤ ਘਟਨਾ ਤੋਂ ਇਕ ਹਫ਼ਤਾ ਪਹਿਲਾਂ 12 ਜਨਵਰੀ ਨੂੰ ਆਸਟਰੇਲੀਆ ਦੇ ਮਿੱਲ ਪਾਰਕ ‘ਚ ਸਥਿਤ ਸਵਾਮੀ ਨਾਰਾਇਣ ਮੰਦਰ ‘ਚ ਭਾਰਤ ਵਿਰੋਧੀ ਅਤੇ ਹਿੰਦੂ-ਵਿਰੋਧੀ ਗੱਲਾਂ ਲਿਖੀਆਂ ਗਈਆਂ ਸਨ। ਮੈਲਬੌਰਨ ਦੀ ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ ਮੰਦਰ, ਜਿਸ ਨੂੰ ਹਰੇ ਕ੍ਰਿਸ਼ਨਾ ਮੰਦਰ ਵੀ ਕਿਹਾ ਜਾਂਦਾ ਹੈ, ‘ਚ ਵੀ ਭੰਨਤੋੜ ਕੀਤੀ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਨੇ ਮਿੱਲ ਪਾਰਕ ਅਤੇ ਕੈਰਮ ਡਾਊਨਸ ‘ਚ ਹਿੰਦੂ ਮੰਦਰਾਂ ਦੀ ਭੰਨਤੋੜ ਦੀ ਨਿੰਦਾ ਕਰਦੇ ਹੋਏ ਇਕ ਬਿਆਨ ਜਾਰੀ ਕੀਤਾ ਸੀ। ਬਾਅਦ ‘ਚ ਇੰਡੀਆ ਨੇ ਆਸਟਰੇਲੀਆ ‘ਚ ਹਿੰਦੂ ਮੰਦਰਾਂ ਦੀ ਭੰਨਤੋੜ ਦੀ ਨਿੰਦਾ ਕੀਤੀ ਸੀ ਅਤੇ ਇਹ ਮਾਮਲਾ ਕੈਨਬਰਾ ‘ਚ ਆਸਟਰੇਲੀਅਨ ਸਰਕਾਰ ਕੋਲ ਉਠਾਇਆ ਸੀ ਅਤੇ ਦੋਸ਼ੀਆਂ ਵਿਰੁੱਧ ਤੇਜ਼ੀ ਨਾਲ ਜਾਂਚ ਕਰਨ ਲਈ ਕਿਹਾ ਸੀ। ਇਸੇ ਤਰ੍ਹਾਂ ਕੈਨੇਡਾ ਦੇ ਬਰੈਂਪਟਨ ਅਤੇ ਉਸ ਤੋਂ ਬਾਅਦ ਹਾਲ ਹੀ ‘ਚ ਮਿਸੀਸਾਗਾ ਦੇ ਹਿੰਦੂ ਮੰਦਰ ‘ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ।