ਕੌਮੀ ਜਾਂਚ ਕਮਿਸ਼ਨ (ਐੱਨ.ਆਈ.ਏ.) ਨੇ ਜ਼ਬਰਦਸਤੀ ਵਸੂਲੀ ਤੇ ਕਤਲ ਜਿਹੇ ਸੰਗਠਿਤ ਜੁਰਮਾਂ ‘ਚ ਸ਼ਾਮਲ ਉੱਤਰੀ ਭਾਰਤ ਦੇ ਅਪਰਾਧੀਆਂ ਤੇ ਗੈਂਗਸਟਰਾਂ ਖ਼ਿਲਾਫ਼ ਜਾਰੀ ਜਾਂਚ ਤਹਿਤ 5 ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਐੱਨ.ਆਈ.ਏ. ਨੇ ਇਕ ਬਿਆਨ ‘ਚ ਕਿਹਾ, ‘ਕੁਰਕ ਕੀਤੀਆਂ ਗਈਆਂ ਜਾਇਦਾਦਾਂ ‘ਚ ਦਿੱਲੀ ‘ਚ ਆਸਿਫ਼ ਖ਼ਾਨ ਦਾ ਇਕ ਘਰ, ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ‘ਚ ਸੁਰਿੰਦਰ ਸਿੰਘ ਉਰਫ਼ ਚੀਕੂ ਦੇ 3 ਵੱਖ-ਵੱਖ ਥਾਵਾਂ ‘ਤੇ ਇਕ ਮਕਾਨ ਤੇ ਖੇਤੀ ਜ਼ਮੀਨ ਸ਼ਾਮਲ ਹਨ।’ ਇਸ ਬਿਆਨ ਮੁਤਾਬਕ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਤੇ ਦਿੱਲੀ-ਐੱਨ.ਸੀ.ਆਰ. ‘ਚ ਗੈਂਗਸਟਰ ਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੀਆਂ 76 ਥਾਵਾਂ ‘ਤੇ ਏਜੰਸੀ ਵੱਲੋਂ ਫ਼ਰਵਰੀ ‘ਚ ਕੀਤੀ ਗਈ ਛਾਪੇਮਾਰੀ ਦੇ ਮੱਦੇਨਜ਼ਰ ਇਹ ਕੁਰਕੀ ਤੇ ਜ਼ਬਤੀ ਕੀਤੀ ਗਈ ਹੈ। ਇਹ ਕਾਰਵਾਈ ਐੱਨ.ਆਈ.ਏ. ਵੱਲੋਂ ਅਗਸਤ, 2022 ‘ਚ ਗੈਰਕਨੂੰਨੀ ਸਰਗਰਮੀਆਂ ਰੋਕਥਾਮ ਐਕਟ ਤਹਿਤ ਤਿੰਨ ਮੁੱਖ ਸੰਗਠਿਤ ਅਪਰਾਧ ਸਿੰਡੀਕੇਟ ਦੇ ਖ਼ਿਲਾਫ਼ ਦਰਜ ਮਾਮਲਿਆਂ ਨਾਲ ਸਬੰਧਤ ਹੈ। ਇਨ੍ਹਾਂ ਸਿੰਡੀਕੇਟ ਨੇ ਆਪਣੇ ‘ਮਾਫੀਆ-ਸਟਾਈਲ ਦੇ ਅਪਰਾਧਿਕ ਨੈੱਟਵਰਕ ਨੂੰ ਉੱਤਰੀ ਸੂਬਿਆਂ ‘ਚ ਫੈਲਾਇਆ ਹੈ ਤੇ ਕਈ ਸਨਸਨੀਖੇਜ਼ ਜੁਰਮ ਸ਼ਾਮਲ ਹਨ, ਜਿਵੇਂ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਅਤੇ ਵਪਾਰੀਆਂ ਤੇ ਪੇਸ਼ੇਵਰਾਂ ਤੋਂ ਵੱਡੇ ਪੱਧਰ ‘ਤੇ ਜ਼ਬਰਦਸਤੀ ਵਸੂਲੀ।’ ਏਜੰਸੀ ਨੇ ਕਿਹਾ ਕਿ ਇਨ੍ਹਾਂ ਅਪਰਾਧਾਂ ‘ਚ ਮਹਾਰਾਸ਼ਟਰ ਦੇ ਬਿਲਡਰ ਸੰਜੇ ਬਿਆਨੀ ਤੇ ਪੰਜਾਬ ਦੇ ਇਕ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਸ਼ਾਮਲ ਹੈ। ਐੱਨ.ਆਈ.ਏ. ਨੇ ਕਿਹਾ ਕਿ ਇਨ੍ਹਾਂ ‘ਚੋਂ ਕਈ ਜ਼ੁਰਮ ਦੀ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨ ਤੇ ਕੈਨੇਡਾ ‘ਚ ਬੈਠੇ ਸਨ ਤੇ ਸਿੰਡੀਕੇਟ ਦੇ ਕੁਝ ਸਰਗਨਾ ਨੇ ਜੇਲ੍ਹਾਂ ਤੋਂ ਹੀ ਵਾਰਦਾਤਾਂ ਦੀ ਸਾਜ਼ਿਸ਼ ਰਚੀ ਸੀ।