ਦੋਵੇਂ ਬਾਦਲਾਂ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਮੇਤ ਹੋਰਨਾਂ ਖ਼ਿਲਾਫ਼ ਐੱਸ.ਆਈ.ਟੀ. ਵੱਲੋਂ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰਨ ਦੇ ਬਾਵਜੂਦ ਬਹਿਬਲ ਕਲਾਂ ਇਨਸਾਫ਼ ਮੋਰਚਾ ਨਹੀਂ ਚੁੱਕਿਆ ਜਾਵੇਗਾ। ਇਹ ਮੋਰਚਾ ਇਨਸਾਫ਼ ਮਿਲਣ ਤੱਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਬਹਿਬਲ ਕਲਾਂ ‘ਚੋਂ ਲੰਘਦੇ ਹਾਈਵੇਅ ‘ਤੇ ਕਰੀਬ 15 ਮਹੀਨੇ ਤੋਂ ਚੱਲ ਰਹੇ ‘ਇਨਸਾਫ਼ ਮੋਰਚਾ’ ਦੇ ਪ੍ਰਬੰਧਕਾਂ ਨੇ ਕੋਟਕਪੂਰਾ ਘਟਨਾ ਦੇ ਸਬੰਧ ‘ਚ ਚਾਰਜਸ਼ੀਟ ਦਾਇਰ ਹੋਣ ‘ਤੇ ਸ਼ੁਕਰਾਨਾ ਸਮਾਗਮ ਕਰਵਾਇਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ। ਅਰਦਾਸ ਸਮਾਗਮ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ। ਸਮਾਗਮ ‘ਚ ਇਕ ਪਾਸੇ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਬਹਿਬਲ ਕਲਾਂ ਗੋਲੀ ਕਾਂਡ ‘ਚ ਚਲਾਨ ਪੇਸ਼ ਹੋਣ ਤੱਕ ਇਨਸਾਫ਼ ਮੋਰਚਾ ਜਾਰੀ ਰਹੇਗਾ, ਜਦੋਂ ਕਿ ਕੁਲਦੀਪ ਸਿੰਘ ਧਾਲੀਵਾਲ ਨੇ ਭਰੋਸਾ ਦਿੱਤਾ ਕਿ ਬਹਿਬਲ ਕਾਂਡ ‘ਚ 2-4 ਦਿਨਾਂ ‘ਚ ਚਲਾਨ ਪੇਸ਼ ਕਰ ਦਿੱਤਾ ਜਾਵੇਗਾ। ਇਨਸਾਫ਼ ਮੋਰਚੇ ਨੇ ਬਹਿਬਲ ਕਲਾਂ ਤੋਂ ਮਾਰਚ ਕਰਕੇ ਅੰਮ੍ਰਿਤਸਰ ਜਾਣ ਅਤੇ ਉਥੇ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ‘ਤੇ ਅਰਦਾਸ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਲਈ ਜਥਾ ਰਵਾਨਾ ਹੋ ਗਿਆ ਹੈ। ਇਸ ਮੌਕੇ ਕੈਬਨਿਟਮ ੰਤਰੀ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤਰਫੋਂ ਇਨਸਾਫ਼ ਮੋਰਚੇ ਨੂੰ ਭਰੋਸਾ ਦਿੱਤਾ ਕਿ ਸਿੱਖ ਸੰਗਤ ਇਨਸਾਫ਼ ਦੀ ਲੜਾਈ ‘ਚ ਇਕੱਲੀ ਨਹੀਂ ਹੈ, ਪੰਜਾਬ ਸਰਕਾਰ ਹਰ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਰਕਾਰ ਸਲਾਖਾਂ ਪਿੱਛੇ ਡੱਕਣ ‘ਚ ਦੇਰ ਨਹੀਂ ਕਰੇਗੀ ਅਤੇ ਇਸ ਦੇ ਨਾਲ ਹੀ ਸਰਕਾਰ ਕਾਨੂੰਨੀ ਫਰੰਟ ‘ਤੇ ਵੀ ਦੋਸ਼ੀਆਂ ਨੂੰ ਸਜ਼ਾ ਦਿਵਾਏਗੀ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਭਰੋਸਾ ਦਿੱਤਾ ਗਿਆ ਸੀ, ਉਹ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨੀ ਪ੍ਰਕਿਰਿਆ ‘ਚ ਕੋਈ ਅੜਿੱਕਾ ਨਹੀਂ ਪਾਵੇਗੀ। ਉਨ੍ਹਾਂ ਬਹਿਬਲ ਕਾਂਡ ‘ਚ ਮਾਰੇ ਗਏ ਗੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਲਗਪਗ 15 ਮਹੀਨਿਆਂ ਤੋਂ ਮੋਰਚੇ ਨੂੰ ਸਹਿਯੋਗ ਦੇ ਰਹੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਤੱਕ ਬਹਿਬਲ ਕਲਾਂ ਗੋਲੀ ਕਾਂਡ ਦਾ ਚਲਾਨ ਪੇਸ਼ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਰਚੇ ਦੀ ਮੰਗ ਸੀ ਕਿ ਮੁੱਖ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਜਾਵੇ ਅਤੇ ਹੁਣ ਮੁੱਖ ਮੁਲਜ਼ਮ ਸਾਹਮਣੇ ਆ ਗਏ ਹਨ, ਹੁਣ ਉਨ੍ਹਾਂ ਖ਼ਿਲਾਫ਼ ਅਦਾਲਤ ‘ਚ ਲੜਾਈ ਲੜੀ ਜਾ ਸਕਦੀ ਹੈ।