ਇੰਡੀਆ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਖਿਡਾਰੀ ਵਜੋਂ ਆਪਣੇ ਸ਼ਾਨਦਾਰ ਸਫ਼ਰ ਦੀ ਸਮਾਪਤੀ ਉਸੇ ਜਗ੍ਹਾ ‘ਤੇ ਕੀਤੀ, ਜਿੱਥੋਂ ਉਸ ਨੇ ਸ਼ੁਰੂਆਤ ਕੀਤੀ ਸੀ। ਸਾਨੀਆ ਨੇ ਹੈਦਰਾਬਾਦ ‘ਚ ਲਾਲ ਬਹਾਦੁਰ ਟੈਨਿਸ ਸਟੇਡੀਅਮ ‘ਚ ਪ੍ਰਦਰਸ਼ਨੀ ਮੈਚ ਖੇਡ ਕੇ ਆਪਣੇ ਸਫ਼ਰ ਨੂੰ ‘ਖੁਸ਼ੀ ਦੇ ਹੰਝੂਆਂ’ ਨਾਲ ਅਲਵਿਦਾ ਕਿਹਾ। ਇਸੇ ਸਟੇਡੀਅਮ ‘ਚ ਉਸ ਨੇ ਕਰੀਬ ਦੋ ਦਹਾਕੇ ਪਹਿਲਾਂ ਇਤਿਹਾਸਕ ਡਬਲਿਊ.ਟੀ.ਏ. ਸਿੰਗਲਜ਼ ਦਾ ਖਿਤਾਬ ਜਿੱਤਿਆ ਸੀ। ਇਨ੍ਹਾਂ ਪ੍ਰਦਰਸ਼ਨੀ ਮੈਚਾਂ ‘ਚ ਰੋਹਨ ਬੋਪੰਨਾ, ਯੁਵਰਾਜ ਸਿੰਘ ਅਤੇ ਉਸ ਦੀ ਸਭ ਤੋਂ ਚੰਗੀ ਦੋਸਤ ਬੇਥਾਨੀ ਮੈਟੇਕ ਸੈਂਡਸ ਨੇ ਹਿੱਸਾ ਲਿਆ। ਇਹ ਮੈਚ ਦੇਖਣ ਲਈ ਆਉਣ ਵਾਲਿਆਂ ‘ਚ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਸ਼ਾਮਲ ਸਨ। ਛੇ ਵਾਰ ਦੀ ਗਰੈਂਡ ਸਲੈਮ ਜੇਤੂ (ਤਿੰਨ ਮਹਿਲਾ ਡਬਲਜ਼ ਅਤੇ ਤਿੰਨ ਮਿਕਸਡ ਡਬਲਜ਼) ਨੇ ਦੋ ਮਿਕਸਡ ਡਬਲਜ਼ ਪ੍ਰਦਰਸ਼ਨੀ ਮੈਚ ਖੇਡੇ ਅਤੇ ਦੋਵੇਂ ਜਿੱਤੇ। ਮੈਚਾਂ ਮਗਰੋਂ ਤੇਲੰਗਾਨਾ ਦੇ ਮੰਤਰੀ ਕੇ.ਟੀ. ਰਾਮਾ ਰਾਓ ਅਤੇ ਸੂਬੇ ਦੇ ਖੇਡ ਮੰਤਰੀ ਵੀ ਸ੍ਰੀਨਿਵਾਸ ਗੌਡ ਨੇ ਸਾਨੀਆ ਨੂੰ ਵਧਾਈ ਦਿੱਤੀ। ਅੰਤ ‘ਚ ਸਾਨੀਆ ਨੇ ਇਸ ਲੰਮੇ ਸਫਰ ‘ਚ ਉਸ ਦਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ, ‘ਮੇਰੇ ਲਈ ਸਭ ਤੋਂ ਵੱਡਾ ਸਨਮਾਨ 20 ਸਾਲ ਤੱਕ ਆਪਣੇ ਦੇਸ਼ ਲਈ ਖੇਡਣਾ ਹੈ। ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਹਰ ਖਿਡਾਰੀ ਦਾ ਸੁਫ਼ਨਾ ਹੁੰਦਾ ਹੈ। ਮੈਂ ਅਜਿਹਾ ਕਰਨ ‘ਚ ਸਫਲ ਰਹੀ।’ ਇਸ ਦੌਰਾਨ ਦਰਸ਼ਕਾਂ ਦੀਆਂ ਤਾੜੀਆਂ ਸੁਣ ਕੇ ਸਾਨੀਆ ਨੇ ਭਾਵੁਕ ਹੁੰਦਿਆਂ ਕਿਹਾ, ‘ਇਹ ਖ਼ੁਸ਼ੀ ਦੇ ਹੰਝੂ ਹਨ।’ ਸਾਨੀਆ ਨੇ ਕਿਹਾ ਕਿ ਭਾਵੇਂ ਉਸ ਨੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਇੰਡੀਆ ਅਤੇ ਤੇਲੰਗਾਨਾ ‘ਚ ਟੈਨਿਸ ਅਤੇ ਹੋਰ ਖੇਡਾਂ ਨਾਲ ਜੁੜੀ ਰਹੇਗੀ।