ਜਾਰਜੀਆ ਸੂਬੇ (ਅਮਰੀਕਾ) ਦੇ ਡਗਲਸ ਕਾਊਂਟੀ ‘ਚ ਹਾਊਸ ਪਾਰਟੀ ਦੌਰਾਨ ਹੋਈ ਫਾਇਰਿੰਗ ‘ਚ 2 ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਫਾਇਰਿੰਗ ਦੀ ਇਹ ਘਟਨਾ ਅਟਲਾਂਟਾ ਤੋਂ ਲਗਭਗ 20 ਮੀਲ ਪੱਛਮ ‘ਚ ਡਗਲਸਵਿਲੇ ਸ਼ਹਿਰ ‘ਚ ਵਾਪਰੀ। ਪਾਰਟੀ ‘ਚ ਸੌ ਤੋਂ ਵੱਧ ਦੋਸਤ ਇਕੱਠੇ ਹੋਏ ਸਨ। ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਡਗਲਸਵਿਲੇ ਸਥਿਤ ਰਿਹਾਇਸ਼ ‘ਤੇ ਹੋਈ ਹਾਊਸ ਪਾਰਟੀ ‘ਚ 100 ਤੋਂ ਜ਼ਿਆਦਾ ਦੋਸਤ ਸ਼ਾਮਲ ਹੋਏ। ਇਸ ਦੌਰਾਨ ਅਚਾਨਕ ਫਾਇਰਿੰਗ ਸ਼ੁਰੂ ਹੋ ਗਈ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰਿੰਗ ਘਰ ਦੀ ਪਾਰਟੀ ‘ਚ ਹੋਏ ਟਕਰਾਅ ਕਾਰਨ ਹੋਈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਫਾਇਰਿੰਗ ਦੀ ਘਟਨਾ ‘ਚ ਕਿੰਨੇ ਲੋਕ ਸ਼ਾਮਲ ਸਨ। ਪੁਲੀਸ ਇਸ ਸਭ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡਗਲਸ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀ ਟ੍ਰੇਂਟ ਵਿਲਸਨ ਨੇ ਦੱਸਿਆ ਕਿ ਗੋਲੀਬਾਰੀ ਸ਼ਨੀਵਾਰ ਰਾਤ 10:30 ਅਤੇ 11:30 ਦੇ ਵਿਚਕਾਰ ਹੋਈ। ਘਰ ਦੇ ਮਾਲਕ ਮੁਤਾਬਕ ਉਸ ਨੇ ਇਹ ਪਾਰਟੀ ਆਪਣੀ ਧੀ ਦੇ 16ਵੇਂ ਜਨਮ ਦਿਨ ‘ਤੇ ਰੱਖੀ ਸੀ। ਇਸ ਪਾਰਟੀ ‘ਚ ਬੇਟੀ ਦੇ 100 ਤੋਂ ਵੱਧ ਦੋਸਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕੁਝ ਲੋਕਾਂ ਨੇ ਗਾਂਜਾ ਪੀਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਤ 10 ਵਜੇ ਪਾਰਟੀ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਫਾਇਰਿੰਗ ਸ਼ੁਰੂ ਹੋ ਗਈ ਜਿਸ ਦੀ ਪੁਲੀਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ।